ਵੱਡਾ ਸਵਾਲ : ਤੀਸਰੇ ਬਦਲ ਦੀ ਰੂਪਰੇਖਾ ਕੀ ਹੋਵੇਗੀ?

ਕਰਮਜੀਤ ਸਿੰਘ
99150-91063

ਦੋਸਤੋ! ਅੱਜ ਹਰ ਉਹ ਬੰਦਾ ਜੋ ਥੋੜਾ ਜਿਹਾ ਵੀ ਸਿਆਸਤ ਨੂੰ ਸਮਝਦਾ ਹੈ, ਜਿਸਦੇ ਧੁਰ ਅੰਦਰ ਸੱਚੀ ਮੁੱਚੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਿਆਰ ਹੈ, ਜੋ ਇਹ ਗੱਲ ਵੀ ਹੁਣ ਸਮਝਣ ਲੱਗ ਪਿਆ ਹੈ ਕਿ ਅਸਲ ਵਿਚ ਕਾਂਗਰਸ ਤੇ ਅਕਾਲੀ ਦੋਵੇਂ ਇਕੋ ਹੀ ਥਾਲੀ ਦੇ ਚੱਟੇ ਬੱਟੇ ਹਨ ਅਤੇ ਹੁਣ ਉਹ ਪੰਜਾਬੀਆਂ ਦੇ ਦਿਲਾਂ ਦੇ ਮਹਿਰਮ ਨਹੀਂ ਰਹੇ, ਜੋ ਇਹ ਵੀ ਮਹਿਸੂਸ ਕਰਦੇ ਹਨ ਕਿ ਪੰਜਾਬ ਦੀ ਸਰਜ਼ਮੀਨ 'ਤੇ ਵੱਸਦੇ ਸਿੱਖ ਅੱਜ ਆਪਣੇ ਇਤਿਹਾਸਕ ਵਿਰਸੇ ਤੋਂ ਟੁੱਟ ਗਏ ਹਨ, ਰੁਲਦੇ ਖੁਲ੍ਹਦੇ ਨਜ਼ਰ ਆ ਰਹੇ ਹਨ, ਉਹ ਸਾਰੇ ਦੇ ਸਾਰੇ ਦੇਸ਼ ਪੰਜਾਬ ਵਿਚ ਹੁਣ ਤੀਸਰੇ ਬਦਲ ਦੀ ਤਮੰਨਾ ਰੱਖਦੇ ਹਨ। ਹਰ ਇਕ ਸੰਜੀਦਾ ਤੇ ਇਮਾਨਦਾਰ ਬੰਦਾ ਹਰ ਰੋਜ਼ ਇਹੋ ਸੁਪਨਾ ਲੈ ਰਿਹਾ ਹੈ। ਜਿਹੜਾ ਸਿਆਸਤ ਨੂੰ ਨਹੀਂ ਵੀ ਸਮਝਦਾ ਪਰ ਉਸਦੇ ਅੰਦਰ ਬੇਬਸੀ ਵਿਚੋਂ ਨਿਕਲੀ ਇਕ ਹੂਕ ਹਰ ਵੇਲੇ ਰਹਿੰਦੀ ਹੈ ਕਿ ਕਾਸ਼! ਇਸ ਜ਼ਮੀਨ 'ਤੇ ਇਨ੍ਹਾਂ ਦੋਵਾਂ ਤੋਂ ਬਿਨਾਂ ਕੋਈ ਹੋਰ ਆਏ, ਕੋਈ ਹੋਰ ਉਨ੍ਹਾਂ ਦੀ ਗੱਲ ਸੁਣੇ, ਕੋਈ ਹੋਰ ਉਨ੍ਹਾਂ ਦੇ ਅੰਦਰਲੇ ਦੁਖ-ਦਰਦ ਦਾ ਇਲਾਜ ਕਰੇ।
ਪਰ ਦੋਸਤੋ! ਤੀਜਾ ਬਦਲ ਇਕ ਹੁਸੀਨ ਸੁਪਨਾ ਹੈ ਲੇਕਿਨ ਇਹ ਸੁਪਨਾ ਧਰਤੀ 'ਤੇ ਉਤਾਰਿਆ ਜਾ ਸਕਦਾ ਹੈ। ਇਹ ਇਕ ਅਜਿਹਾ ਸੁਪਨਾ ਹੈ ਜੋ ਇਕ ਸੰਘਣੀ ਉਦਾਸੀ, ਮਾਯੂਸੀ ਤੇ ਬੇਬਸੀ ਵਿਚੋਂ ਆ ਰਿਹਾ ਹੈ ਜੋ ਪਹਿਲਾਂ ਇਹ ਮਾਯੂਸੀ ਅਕਾਲੀਆਂ ਨੇ ਦਿੱਤੀ, ਫਿਰ ਕਾਂਗਰਸੀਆਂ ਨੇ ਤੇ ਹੁਣ ਕੇਜਰੀਵਾਲ ਨੇ ਸਾਡੀ ਝੋਲੀ ਵਿਚ ਪਾਈ। ਪਰ ਚੰਗੀ ਗੱਲ ਇਹ ਹੈ ਕਿ ਇਹ ਤਿੰਨੇ ਵਰਤਾਰੇ ਲੋਕਾਂ ਦੇ ਦਿਲਾਂ ਵਿਚੋਂ ਪੂਰੀ ਤਰ੍ਹਾਂ ਲੱਥ ਚੁੱਕੇ ਹਨ। ਕੁਝ ਭਟਕਦੇ ਬੰਦੇ ਅਜੇ ਵੀ ਕੇਜਰੀਵਾਲ ਨਾਲ ਖੜ੍ਹੇ ਹਨ ਤੇ ਖੜ੍ਹੇ ਰਹਿ ਵੀ ਸਕਦੇ ਹਨ। ਸਾਨੂੰ ਉਨ੍ਹਾਂ ਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਫੇਰ ਵੀ ਉਨ੍ਹਾਂ ਨੂੰ ਆਪਣੇ ਘਰ ਵੱਲ ਮੁੜਨ ਦੀ ਗੱਲ ਕਰਦੇ ਰਹਿਣਾ ਚਾਹੀਦਾ ਹੈ। ਪਰ ਸਭ ਤੋਂ ਔਖਾ ਸਵਾਲ ਜਿਸ ਬਾਰੇ ਬਹੁਤ ਘੱਟ ਲੋਕ ਸੋਚ ਰਹੇ ਹਨ ਕਿ ਤੀਜਾ ਬਦਲ ਕਾਇਮ ਕਿਵੇਂ ਹੋਵੇ? ਇਸਦੀ ਰੂਪਰੇਖਾ ਤੇ ਨੁਹਾਰ ਕੀ ਹੋਵੇ? ਕੌਣ ਕੌਣ ਇਸ ਵਿਚ ਸ਼ਾਮਿਲ ਕੀਤੇ ਜਾਣ? ਇਸ ਸੁਪਨੇ ਨੂੰ ਸਾਕਾਰ ਕਿਵੇਂ ਕੀਤਾ ਜਾਵੇ? ਕੀ ਪੰਜਾਬ ਵਿਚ ਹਰਿਓ ਬੂਟ ਮੌਜੂਦ ਹਨ ਜੋ ਇਨ੍ਹਾਂ ਸਵਾਲਾਂ ਉਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ?
ਦੋਸਤੋ! ਬਠਿੰਡਾ ਦੀ 2 ਅਗਸਤ ਵਾਲੀ ਰੈਲੀ ਨੂੰ ਇਕ ਵਾਰ ਮੁੜ ਆਪਣੇ ਧਿਆਨ ਵਿਚ ਲਿਆਓ। ਜੇ ਉਸ ਬੇਮਿਸਾਲ ਤੇ ਨਿਵੇਕਲੀ ਰੈਲੀ ਦੀ ਡੂੰਘੀ ਫੋਲਾ-ਫਰੋਲੀ ਕੀਤੀ ਜਾਵੇ ਤਾਂ ਉਹ ਰੈਲੀ ਅਸਲ ਮਾਇਨਿਆਂ ਵਿਚ ਕਾਂਗਰਸ, ਅਕਾਲੀ ਤੇ ਕੇਜਰੀਵਾਲ ਤੋਂ ਸਦਾ ਲਈ ਤੋੜ ਵਿਛੋੜਾ ਕਰਨ ਵਾਲੇ ਸੂਰਬੀਰਾਂ ਦੀ ਰੈਲੀ ਸੀ। ਭਾਵੇਂ ਇਹੋ ਜਿਹਾ ਉਥੇ ਕੋਈ ਵੀ ਐਲਾਨ ਨਹੀਂ ਸੀ ਹੋਇਆ ਪਰ ਦੋਸਤੋ! ਜੇ ਸੱਚ ਪੁਛਦੇ ਹੋ ਤਾਂ ਉਸ ਦਿਨ ਦੁਖੀ ਦਿਲਾਂ ਨੇ ਇਹ ਐਲਾਨ ਕਰ ਹੀ ਦਿੱਤਾ ਸੀ। ਇਸੇ ਰੈਲੀ ਨੇ ਸਾਨੂੰ ਇਹ ਦੱਸਿਆ ਕਿ ਇਤਿਹਾਸ ਵਿਚ ਕਈ ਵਾਰ ਇਹੋ ਜਿਹੇ ਮੌਕੇ ਆਉਂਦੇ ਹਨ ਜਦੋਂ ਪੈਸਾ, ਪੈਸੇ ਨਾਲ ਜੁੜੇ ਬੰਦੇ, ਕੰਮਾਂ ਨਾਲ ਜੁੜੇ ਬੰਦੇ, ਸਰਕਾਰਾਂ, ਧਮਕੀਆਂ ਤੇ ਡਰਾਵੇ ਵੀ ਕੋਈ ਅਰਥ ਨਹੀਂ ਰੱਖਦੇ। ਕੋਈ ਅੰਦਰਲੀ ਆਵਾਜ਼ ਜੋ ਗ਼ੈਬ ਤੋਂ ਆਉਂਦੀ ਹੈ, ਉਹ ਆਵਾਜ਼ ਇਕ ਹੜ੍ਹ ਬਣ ਕੇ ਵੱਡਿਆਂ ਵੱਡਿਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਉਹ ਰੈਲੀ ਵੀ ਕੁਝ ਇਸ ਤਰ੍ਹਾਂ ਦੀ ਹੀ ਸੀ।
ਪਰ ਹੁਣ ਸਵਾਲ ਸਾਡੇ ਸਾਹਮਣੇ ਇਹ ਆ ਗਿਆ ਹੈ ਕਿ 2 ਅਗਸਤ ਦੇ ਹੜ੍ਹ ਦੇ ਲੀਡਰ ਕੌਣ ਹੋਣਗੇ? ਇਕ ਲੀਡਰ ਤਾਂ ਲੋਕਾਂ ਨੂੰ ਸੁਖਪਾਲ ਖਹਿਰਾ ਦੇ ਰੂਪ ਵਿਚ ਮਿਲ ਹੀ ਗਿਆ ਹੈ। ਪਰ ਦੋਸਤੋ! ਦਿਲ 'ਤੇ ਹੱਥ ਰੱਖ ਕੇ ਦੱਸਿਓ ਕਿ ਕੀ ਉਸਦੇ ਇਰਦ ਗਿਰਦ ਵੀ ਵਾੜ ਨਹੀਂ ਕੀਤੀ ਜਾਣੀ ਚਾਹੀਦੀ? ਸਾਨੂੰ ਕੇਜਰੀਵਾਲ ਤੋਂ ਇਕ ਕੌੜਾ ਤਜਰਬਾ ਹਾਸਲ ਹੋਇਆ ਹੈ ਕਿ ਜੇ ਬੰਦਾ ਤਾਨਾਸ਼ਾਹ ਹੋ ਜਾਵੇ ਤਾਂ ਸਾਰੀ ਕੀਤੀ ਕਤਰੀ ਕਮਾਈ ਦਿਨਾਂ ਵਿਚ ਹੀ ਰੁੜ੍ਹ ਜਾਂਦੀ ਹੈ। ਪਰ ਅਜਿਹਾ ਹੁਣ ਨਹੀਂ ਹੋਣਾ ਚਾਹੀਦਾ ਤੇ ਇਕਰਾਰ ਵੀ ਕਰੀਏ ਕਿ ਹੋਣ ਵੀ ਨਹੀਂ ਦੇਵਾਂਗੇ। ਲੇਕਿਨ ਜੇ ਨਹੀਂ ਹੋਣਾ ਚਾਹੀਦਾ ਤਾਂ ਸੁਖਪਾਲ ਖਹਿਰਾ ਦੇ ਇਰਦ ਗਿਰਦ ਜਿਹੜੀ ਵੀ ਵਾੜ ਕਰਨੀ ਹੈ, ਉਸਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਵੇ? ਕੀ ਉਹ ਪਰਤਾਂ (Layers) ਵਿਚ ਹੋਣੀ ਚਾਹੀਦੀ ਹੈ ਅਰਥਾਤ ਪਰਤ ਦਰ ਪਰਤ ਹੋਣੀ ਚਾਹੀਦੀ ਹੈ? ਕੀ ਖਹਿਰਾ ਸਾਹਿਬ ਦੇ ਬਰਾਬਰ ਕੋਈ ਪੰਜ ਮੈਂਬਰੀ ਕਮੇਟੀ ਹੋਵੇ ਜਿਸ ਵਿਚ ਸਾਰਿਆਂ ਦੇ ਅਧਿਕਾਰ ਬਰਾਬਰ ਬਰਾਬਰ ਹੋਣ?
ਦੋਸਤੋ! ਅਰਵਿੰਦ ਕੇਜਰੀਵਾਲ ਨਾਲ ਡੂੰਘੇ ਮਤਭੇਦ ਰੱਖਦੇ ਹੋਏ ਵੀ ਸਾਨੂੰ ਕੇਜਰੀਵਾਲ-ਵਰਤਾਰੇ ਤੋਂ ਇਕ ਗੱਲ ਜ਼ਰੂਰ ਸਿੱਖਣੀ ਚਾਹੀਦੀ ਹੈ। ਉਹ ਇਹ ਹੈ ਕਿ ਉਸਦੀ ਵਚਨਬੱਧਤਾ, ਇਮਾਨਦਾਰੀ, ਲਗਨ, ਮਿਹਨਤ ਤੇ ਦ੍ਰਿੜਤਾ ਭਰਜੋਬਨ ਵਿਚ ਚਮਕੀ ਸੀ ਅਤੇ ਗਿਆਨ ਦੀ ਬਰਕਤ ਨਾਲ ਉਸਨੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ ਸਨ। ਬਾਹਰਲੇ ਦੇਸ਼ਾਂ ਵਿਚ ਵੀ ਉਸ ਵਰਤਾਰੇ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਸੀ। ਇਹ ਉਨ੍ਹਾਂ ਦਿਨਾਂ ਦੀਆਂ ਗੱਲਾਂ ਹਨ ਜਦੋਂ ਸੰਸਾਰ ਪ੍ਰਸਿੱਧ 'ਟਾਈਮ' ਮੈਗਜ਼ੀਨ ਨੇ ਉਸਦੀ ਤਸਵੀਰ ਪਹਿਲੇ ਪੰਨ੍ਹੇ ਉਤੇ ਛਾਪੀ ਸੀ। ਕੀ ਤੁਸੀ ਹੈਰਾਨ ਨਹੀਂ ਹੁੰਦੇ ਕਿ ਖੱਬੇ ਪੱਖੀ ਧਿਰਾਂ ਜੋ ਹਰ ਸਮੇਂ ਵਿਚਾਰਧਾਰਾ ਨੂੰ ਭੂਤ ਬਣਾ ਕੇ ਉਸ ਨਾਲ ਚਿੰਬੜੀਆਂ ਰਹਿੰਦੀਆਂ ਹਨ, ਉਨ੍ਹਾਂ ਦੇ ਮਹਿਲਾਂ ਵਿਚ ਵੀ ਕੇਜਰੀਵਾਲ ਨੇ ਮੋਰੀਆਂ ਕਰ ਦਿੱਤੀਆਂ ਸਨ। ਹੋਰ ਤਾਂ ਹੋਰ ਪੰਜਾਬ ਦੇ ਉਸ ਖਾਲੀ ਮੈਦਾਨ ਵਿਚ ਸਿੱਖਾਂ ਨੂੰ ਵੀ ਇੰਜ ਲੱਗਿਆ ਕਿ ਇਹੋ ਬੰਦਾ ਅਕਾਲੀਆਂ ਤੇ ਕਾਂਗਰਸੀਆਂ ਤੋਂ ਨਿਜਾਤ ਦਿਵਾ ਸਕਦਾ ਹੈ। ਕੀ ਤੁਹਾਨੂੰ ਨਹੀਂ ਪਤਾ ਕਿ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਬਜ਼ੁਰਗਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਰਾਹ ਵੱਖਰੇ ਵੱਖਰੇ ਹੋ ਗਏ ਸਨ। ਨੌਜਵਾਨ ਇਕ ਅਨੋਖੇ ਨਸ਼ੇ ਦੇ ਸਰੂਰ ਵਿਚ ਸਨ। ਇਹ ਸਭ ਕੁਝ ਆਪਾਂ ਆਪਣੀਆਂ ਅੱਖਾਂ ਨਾਲ ਵੇਖਿਆ ਪਰ ਹੁਣ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਆਖਰਕਾਰ 'ਬਾਹਰਲਾ ਬੰਦਾ' ਹੀ ਨਿਕਲਿਆ। ਉਸਨੇ ਪੰਜਾਬ ਨਾਲ ਵਫਾ ਨਹੀਂ ਨਿਭਾਈ ਜਾਂ ਇਉਂ ਕਹਿ ਲਓ ਕਿ ਪੰਜਾਬ ਵਰਗੀ ਗੁੰਝਲਦਾਰ ਬੁਝਾਰਤ ਉਸਨੂੰ ਸਮਝ ਹੀ ਨਹੀਂ ਆ ਸਕੀ। ਪਰ ਇਕ ਗੱਲ ਸਾਨੂੰ ਉਹ ਹੁਣ ਦੇ ਗਿਆ ਹੈ ਕਿ ਪੰਜਾਬ ਨੂੰ ਹੁਣ ਕੋਈ 'ਅੰਦਰਲਾ ਬੰਦਾ' ਚਾਹੀਦਾ ਹੈ ਜਿਸ ਨੂੰ ਪੰਜਾਬ ਦੇ ਜਜ਼ਬਿਆਂ, ਉਸਦੀਆਂ ਰੀਝਾਂ, ਅਰਮਾਨਾਂ, ਸੱਧਰਾਂ ਅਤੇ ਚਾਵਾਂ ਨੂੰ ਪੂਰਾ ਕਰਨ ਦਾ ਇਸ਼ਕ ਹੋਵੇ।
ਦੋਸਤੋ! ਜਿਵੇਂ ਸਾਰੀ ਦੁਨੀਆਂ ਅਫਗਾਨਿਸਤਾਨ ਦੇ ਲੋਕਾਂ ਦੇ ਦਿਲਾਂ ਅੰਦਰ ਝਾਤ ਨਹੀਂ ਪਾ ਸਕੀ ਅਤੇ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਉਤੇ ਅੰਤਿਮ ਜਿੱਤ ਹਾਸਲ ਨਹੀਂ ਕਰ ਸਕੀ, ਇਵੇਂ ਪੰਜਾਬ ਦੇ ਲੋਕਾਂ ਨੂੰ ਵੀ ਕੇਜਰੀਵਾਲ ਸਮਝ ਨਹੀਂ ਸਕਿਆ। ਉਸਨੇ ਇਵੇਂ ਸਮਝਿਆ ਕਿ ਜਿਵੇਂ ਭਾਰਤ ਦੇ ਹੋਰ ਸੂਬੇ ਹਨ ਇਵੇਂ ਹੀ ਪੰਜਾਬ ਵੀ ਇਕ ਉਹੋ ਜਿਹਾ ਹੀ ਸੂਬਾ ਹੈ। ਪਰ ਦੋਸਤੋ! ਇਤਿਹਾਸਕਾਰ ਜਾਣਦੇ ਹਨ ਕਿ ਪੰਜਾਬ ਭਾਰਤ ਨਹੀਂ ਅਤੇ ਇਹ ਕਦੇ ਵੀ ਨਹੀਂ ਸੀ-ਭੂਗੋਲਿਕ ਰੂਪ ਵਿਚ ਵੀ ਅਤੇ ਰੂਹਾਨੀ ਰੂਪ ਵਿਚ ਵੀ। ਇਹ ਵੱਖਰਾ ਸੀ, ਵੱਖਰਾ ਹੀ ਰਹੇਗਾ ਅਤੇ ਜਦ ਤੱਕ ਇਸਦੇ ਵੱਖਰੇਪਣ ਦੇ ਲੱਛਣਾਂ ਨੂੰ ਸਮਝਣ ਲਈ ਜੇਕਰ ਕਿਸੇ ਕੋਲ ਇਤਿਹਾਸ ਦੀ ਸਮਝ ਦਾ ਹੁਨਰ ਨਹੀਂ ਤਾਂ ਉਹ ਸਮਾਂ ਪਾ ਕੇ ਫੇਲ੍ਹ ਹੋ ਜਾਵੇਗਾ ਜਿਵੇਂ ਕੇਜਰੀਵਾਲ ਹੁਣ ਖਹਿਰੇ ਨੂੰ ਕੱਢ ਕੇ ਫੇਲ੍ਹ ਹੋਇਆ। ਦੋਸਤੋ! ਪੰਜਾਬ ਇਕ ਅਜਿਹਾ ਖਿੱਤਾ ਹੈ ਕਿ ਜਦੋਂ ਇਹ ਦੂਜਿਆਂ ਨਾਲ ਰਲ ਗਿਆ, ਜਜ਼ਬ ਹੋ ਗਿਆ ਤਾਂ ਸਮਝੋ ਖਤਮ। ਇਹ ਭੀੜ ਵਿਚ ਵੀ ਇਕੱਲਾ ਰਹਿੰਦਾ ਹੈ।
ਪਰ ਦੋਸਤੋ! ਜੇਕਰ ਤੀਸਰਾ ਬਦਲ ਕਾਇਮ ਕਰਨ ਦੀ ਕੋਈ ਰੀਝ ਹੈ ਤਾਂ 'ਅੰਦਰੋਂ ਤੇ ਬਾਹਰੋਂ' ਆਓ ਤੇ ਇਹ ਸਾਂਝਾ ਐਲਾਨ ਕਰੀਏ ਕਿ ਕੇਜਰੀਵਾਲ ਦੀ ਕਹਾਣੀ ਪੰਜਾਬ ਦੀ ਧਰਤੀ ਤੋਂ ਸਦਾ ਲਈ ਖਤਮ ਹੈ। ਇਸ ਧਾਰਨਾ ਵਿਚ ਜੇ ਰਤਾ ਵੀ ਦੁਵਿਧਾ ਆਈ ਤਾਂ ਅਸੀਂ ਕਿਸੇ ਵੀ ਪਾਸੇ ਜੋਗੇ ਨਹੀਂ ਰਹਾਂਗੇ। ਦਿੱਲੀ ਨਾਲ ਜੁੜੇ ਬੰਦਿਆਂ ਨੂੰ ਇਸ ਖੂਬਸੂਰਤ ਭਰਮ ਵਿਚ ਅਜੇ ਕੁਝ ਚਿਰ ਲਈ ਹੋਰ ਜਿਊਣ ਦਿਓ। ਸਮਾਂ ਪਾ ਕੇ ਉਨ੍ਹਾਂ ਨੂੰ ਪਰਤਣਾ ਹੀ ਪੈਣਾ ਹੈ। ਭਗਵੰਤ ਮਾਨ ਵਰਗੇ ਅਜੇ ਹੋਰ ਥੋੜਾ ਚਿਰ ਸਾਨੂੰ ਭੁਲੇਖਿਆਂ 'ਚ ਰੱਖ ਸਕਦੇ ਹਨ। ਹੋ ਸਕਦੈ ਉਹ ਆਪਣੀ ਹਾਸਰਸ ਕਲਾ ਨਾਲ ਭੀੜਾਂ ਇਕੱਠੀਆਂ ਕਰਦਾ ਰਹੇ ਪਰ ਹੁਣ ਭੀੜ ਦੇ ਚਿਹਰਿਆਂ ਉਤੇ ਉਹੋ ਜਿਹੀ ਰੌਣਕ ਨਹੀਂ ਹੋਏਗੀ ਜਿਹੋ ਜਿਹੀ ਪਹਿਲਾਂ ਉਸ ਨੂੰ ਸੁਣਨ ਵੇਲੇ ਹੋਇਆ ਕਰਦੀ ਸੀ। ਛੇਤੀ ਹੀ ਪਤਾ ਲੱਗ ਜਾਣਾ ਹੈ ਕਿ ਇਹ ਵੀਰ ਲੰਮੀ ਰੇਸ ਦਾ ਘੋੜਾ ਨਹੀਂ ਹੈ। ਤੁਸੀਂ ਦੇਖ ਲੈਣਾ ਇਹ ਛੇਤੀ ਹੀ ਥੱਕ ਵੀ ਜਾਏਗਾ ਤੇ ਅੱਕ ਵੀ ਜਾਏਗਾ। ਸਾਨੂੰ ਉਸ ਦਿਨ ਦੀ ਉਡੀਕ ਰਹੇਗੀ ਜਦੋਂ ਦਿੱਲੀ ਨਾਲ ਜੁੜੇ ਵਿਧਾਇਕ ਵੀ ਓੜਕ ਨੂੰ ਆਪਣੇ ਪੰਜਾਬ ਵੱਲ ਹੀ ਮੂੰਹ ਕਰਨਗੇ। ਜੇ ਨਹੀਂ ਵੀ ਕਰਨਗੇ ਤਾਂ ਰੁਲ ਖੁਲ ਕੇ ਇਤਿਹਾਸ ਦੇ ਕੂੜੇਦਾਨ ਦਾ ਹਿੱਸਾ ਬਣ ਜਾਣਗੇ। ਵੈਸੇ ਅੱਧ ਪਚੱਦੇ ਤਾਂ ਉਹ ਰੁਲ ਹੀ ਚੁੱਕੇ ਹਨ। ਉਨ੍ਹਾਂ ਨੂੰ ਕੁਝ ਨਾ ਕਹੋ, ਉਨ੍ਹਾਂ ਦੇ ਮੁਰਝਾਏ ਹੋਏ ਚਿਹਰਿਆਂ 'ਤੇ ਸਾਡੀ ਹੀ ਦਾਸਤਾਨ ਲਿਖੀ ਹੋਈ ਹੈ।

Or