ਸਿੱਖ ਇਤਿਹਾਸ ਵਿੱਚ ਤਬਦੀਲੀਆਂ ਨਾਲ ਵਿਦਵਾਨਾਂ ਦਾ ਗੁੱਸਾ ਸਿਖਰ ‘ਤੇ

ਇਤਿਹਾਸ ਨੂੰ ਬਦਲਣ ਪਿੱਛੇ ਆਰ ਐਸ ਐਸ ਦੀ ਵੱਡੀ ਸਾਜ਼ਿਸ਼ - ਢਿੱਲੋਂ ਅਤੇ ਗੁਰਤੇਜ ਸਿੰਘ
ਸਿੱਖਿਆ ਬੋਰਡ ਸਿੱਖ ਇਤਿਹਾਸਕਾਰਾਂ ਦੀ ਨਵੀਂ ਕਮੇਟੀ ਦਾ ਗਠਨ ਕਰੇ
ਸਿਲੇਬਸ ਘੜਨ ਵਾਲਿਆਂ ਵਿੱਚ ਇੱਕ ਵੀ ਸਿੱਖ ਇਤਿਹਾਸਕਾਰ ਸ਼ਾਮਿਲ ਨਹੀਂ ਸੀ
ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਲਈ ਕੇਵਲ 20 ਪੰਨੇ
ਸਿਲੇਬਸ ਬਦਲਣ ਦੀ ਸਾਜ਼ਿਸ਼ ਦਾ ਅਰੰਭ ਅਕਾਲੀ ਭਾਜਪਾ ਸਰਕਾਰ ਨੇ ਕੀਤਾ
ਸੁਖਬੀਰ ਬਾਦਲ ਤੇ ਕੈਪਟਨ ਦੋਵਾਂ ਦੀ ਹੀ ਸਿਆਸੀ ਤੇ ਗੁਮਰਾਹਕੁੰਨ ਬਿਆਨਬਾਜ਼ੀ 
ਚੰਡੀਗੜ੍ਹ, 1 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਨਾਲ ਸਬੰਧਤ ਇਤਿਹਾਸ ਦੇ ਸਿਲੇਬਸ ਵਿੱਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਨੇ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਹੈ, ਉਥੇ ਇਹ ਭਖਦਾ ਵਿਸ਼ਾ ਹੁਣ ਰਾਜਨੀਤਿਕ ਵਿਦਵਾਨਾਂ ਦੇ ਵਿਹੜੇ ਵਿੱਚ ਆ ਗਿਆ ਹੈ| ਅੱਜ ਇਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਸਿੱਖ ਵਿਚਾਰ ਮੰਚ ਵੱਲੋਂ ਸੱਦੀ ਇੱਕ ਹੰਗਾਮੀ ਮੀਟਿੰਗ ਵਿੱਚ ਵਿਦਵਾਨ ਇਸ ਹੱਦ ਤੱਕ ਗੁੱਸੇ ਵਿੱਚ ਭਰੇ ਪੀਤੇ ਸਨ ਕਿ ਉਨ੍ਹਾਂ ਨੂੰ ਇਸ ਸਾਰੇ ਸਿਲਸਿਲੇ ਵਿੱਚ ਇੱਕ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਸੀ ਅਤੇ ਇਸ ਸਾਜ਼ਿਸ਼ ਵਿੱਚ ਸਪੱਸ਼ਟ ਤੌਰ 'ਤੇ ਉਨ੍ਹਾਂ ਨੂੰ ਆਰ ਐਸ ਐਸ ਦਾ ਵੱਡਾ ਰੋਲ ਨਜ਼ਰ ਆਉਂਦਾ ਸੀ| ਲਗਭਗ ਢਾਈ ਘੰਟੇ ਚੱਲੀ ਇਸ ਮੀਟਿੰਗ ਵਿੱਚ ਸਿੱਖ ਇਤਿਹਾਸ ਦੇ ਦੋ ਵੱਡੇ ਵਿਦਵਾਨ ਡਾ. ਗੁਰਦਰਸ਼ਨ ਸਿੱਘ ਢਿੱਲੋਂ ਅਤੇ ਸ. ਗੁਰਤੇਜ ਸਿੰਘ ਆਈ ਏ ਐਸ, ਸਿੱਖ ਮਾਮਲਿਆਂ ਬਾਰੇ ਉਘੇ ਜਾਣਕਾਰ ਅਤੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਸਾਬਕਾ ਆਈ ਏ ਐਸ ਕੁਲਬੀਰ ਸਿੰਘ, ਯੂ ਐਨ ਆਈ ਦੇ ਸਾਬਕਾ ਵਿਸ਼ਸ਼ ਪ੍ਰਤੀਨਿਧ ਅਤੇ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ, ਪੰਜਾਬ ਯੂਨੀਵਰਸਿਟੀ ਵਿੱਚ ਜਰਮਨ ਵਿਸ਼ੇ 'ਤੇ ਪੀਐਚਡੀ ਕਰ ਰਹੇ ਸ. ਗਿਆਨ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਚੋਟੀ ਦੇ ਆਗੂ ਸ. ਗੁਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਖੁਸ਼ਹਾਲ ਸਿੰਘ ਅਤੇ ਖਾਲਸਾ ਪੰਚਾਇਤ ਦੇ ਸ. ਰਜਿੰਦਰ ਸਿੰਘ ਸ਼ਾਮਿਲ ਸਨ| ਇਸ ਤੋਂ ਇਲਾਵਾ ਯੂਨਾਇਟਿਡ ਸਿੱਖ ਪਾਰਟੀ ਦੇ ਆਗੂ ਭਾਈ ਜਸਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਦਸਤਾਵੇਜ਼ ਲੈ ਕੇ ਪਹੁੰਚੇ ਹੋਏ ਸਨ, ਜਿਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਇਤਿਹਾਸ ਦੇ ਸਿਲੇਬਸ ਵਿੱਚ ਸਚਮੁੱਚ ਹੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਦਾ ਇਹ ਦਾਅਵਾ ਬੇਬੁਨਿਆਦ ਹੈ ਕਿ ਸਿਲੇਬਸ ਵਿੱਚ ਇੱਕ ਅੱਖਰ ਵੀ ਨਹੀਂ ਤਬਦੀਲ ਕੀਤਾ ਗਿਆ|
ਸ. ਗੁਰਤੇਜ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਨੂੰ ਬਦਲਣ ਅਤੇ ਤੋੜ ਮਰੋੜ ਕੇ ਪੇਸ਼ ਕਰਨ ਦੀ ਸਿਲਸਿਲਾ ਲਗਭਗ ਉਸ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਹ ਇਤਿਹਾਸ ਦੇ ਵਿਸ਼ੇ ਵਿੱਚ ਐਮ.ਏ. ਦੀ ਪੜ੍ਹਾਈ ਕਰ ਰਹੇ ਸਨ| ਉਸ ਸਮੇਂ ਸਿੱਖ ਇਤਿਹਾਸ ਨੂੰ ਬਦਲਣ ਲਈ ਇੱਕ ਵਿਸ਼ੇਸ਼ ਟਰਮ ਇਜਾਦ ਕੀਤੀ ਗਈ, ਜਿਸ ਦਾ ਨਾਂ 'ਕੌਮਿਊਨਲ ਹਿਸਟਰੀ' ਰੱਖਿਆ ਗਿਆ| ਦੂਜੇ ਸ਼ਬਦਾਂ ਵਿੱਚ ਸਿੱਖ ਇਤਿਹਾਸ ਨੂੰ 'ਕੌਮਿਊਨਲ ਹਿਸਟਰੀ' ਕਹਿ ਕੇ ਪੇਸ਼ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਸ ਇਤਿਹਾਸ ਦੀ ਥਾਂ 'ਤੇ ਹੁਣ ਸਮਾਜਕ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ| ਇਸ ਦਾ ਇੱਕ ਮਤਲਬ ਸਾਫ ਤੌਰ 'ਤੇ ਸਪੱਸ਼ਟ ਸੀ ਕਿ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਗਦਰ ਪਾਰਟੀ ਲਹਿਰ ਵਰਗੀਆਂ ਲਹਿਰਾਂ ਨੂੰ ਇਤਿਹਾਸ ਵਿੱਚੋਂ ਕੱਢ ਦਿੱਤਾ ਜਾਵੇ| ਉਨ੍ਹਾਂ ਕਿਹਾ ਕਿ ਇਸ ਸਾਰੇ ਸਿਲਿਸਿਲੇ ਪਿੱਛੇ ਆਰ ਐਸ ਐਸ ਦੀ ਵਿਚਾਰਧਾਰਾ ਕੰਮ ਕਰਦੀ ਹੈ| ਉਨ੍ਹਾਂ ਨੇ ਇੱਕ ਵੱਡੀ ਕਨਵੈਨਸ਼ਨ ਸੱਦੇ ਜਾਣ ਦਾ ਸੁਝਾਅ ਦਿੱਤਾ ਜੋ ਸਿੱਖ ਇਤਿਹਾਸ ਅਤੇ ਹੋਰ ਸਬੰਧਤ ਸਿੱਖ ਮਸਲਿਆਂ ਬਾਰੇ ਅਹਿਮ ਫੈਸਲੇ ਕੌਮ ਅੱਗੇ ਪੇਸ਼ ਕੀਤੇ ਜਾਣ ਅਤੇ ਸਿੱਖ ਕੌਮ ਵਿਰੁੱਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇ|
ਯੂਨੀਇਟਿਡ ਸਿੱਖ ਪਾਰਟੀ ਦੇ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚ ਕੇਵਲ 20 ਪੰਨੇ ਹੀ ਸਿੱਖ ਇਤਿਹਾਸ ਨੂੰ ਦਿੱਤੇ ਗਏ ਹਨ ਅਤੇ ਉਸ ਵਿੱਚ ਵੀ ਅਧੂਰੀ ਜਾਣਕਾਰੀ ਪੇਸ਼ ਕੀਤੀ ਗਈ ਹੈ| ਉਨ੍ਹਾਂ ਨੇ ਗਿਆਰ੍ਹਵੀਂ ਜਮਾਤ ਦੇ ਸਿਲੇਬਸ ਦਾ ਵੀ ਜ਼ਿਕਰ ਕੀਤਾ ਅਤੇ ਉਦਾਹਰਣਾਂ ਦੇ ਕੇ ਦੱਸਿਆ ਕਿ ਨਾ ਕੇਵਲ ਪੰਨੇ ਹੀ ਘਟਾਏ ਗਏ ਹਨ ਸਗੋਂ ਇਤਿਹਾਸਕ ਤੱਥਾਂ ਨਾਲ ਵੀ ਵੱਡੀ ਛੇੜਛਾੜ ਕੀਤੀ ਗਈ ਹੈ| ਇੱਕ ਹੋਰ ਵਿਦਵਾਨ ਨੇ ਦੱਸਿਆ ਕਿ ਗਨੀ ਖਾਂ ਅਤੇ ਨਬੀ ਖਾਂ ਦੇ ਇਤਿਹਾਸਕ ਅਤੇ ਹਾਂ ਪੱਖੀ ਰੋਲ ਨੂੰ ਵੀ ਉਲਟਾ ਕਰ ਕੇ ਪੇਸ਼ ਕੀਤਾ ਗਿਆ ਹੈ|
ਡਾ. ਗਰੁਦਰਸ਼ਨ ਸਿੰਘ ਢਿੱਲੋਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਲੇਬਸ ਵਿੱਚ ਤਬਦੀਲੀ ਤਾਂ ਅਸਲ ਵਿੱਚ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੋ ਆਰ ਐਸ ਐਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ੁਰੂ ਕੀਤੀ ਹੈ| ਉਨ੍ਹਾਂ ਨੇ ਮਿਸਾਲਾਂ ਦੇ ਕੇ ਇਹ ਸਪੱਸ਼ਟ ਕੀਤਾ ਕਿ ਬਾਹਰਲੇ ਦੇਸ਼ਾਂ ਦੀਆਂ ਕਈ ਯੂਨੀਵਰਸਿਟੀਆਂ ਅਤੇ ਵਿਸ਼ੇਸ਼ ਕਰ ਕੇ ਆਕਸਫੋਰਡ ਯੂਨੀਵਰਸਿਟੀ ਵਿੱਚ ਮੈਕਲਾਉਡ ਦੀ ਵਿਚਾਰਧਾਰਾ ਨਾਲ ਜੁੜੇ ਦਰਜਨਾਂ ਕਥਿਤ ਵਿਦਵਾਨ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ| ਉਨ੍ਹਾਂ ਨੇ ਬਕਾਇਦਾ ਉਨ੍ਹਾਂ ਦੇ ਨਾਂ ਵੀ ਲਏ, ਜਿਨ੍ਹਾਂ ਵਿੱਚ ਗੁਰਿੰਦਰ ਮਾਨ, ਉਬਰਾਏ, ਪਿਸ਼ੌਰਾ ਸਿੰਘ ਅਤੇ ਮੰਡੇਰ ਸ਼ਾਮਿਲ ਹਨ| ਉਨ੍ਹਾਂ ਨੇ ਹਿੰਦੂਤਵ ਤਾਕਤਾਂ ਉਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਸਲ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਉਤੇ ਹੋਏ ਹਮਲੇ ਪਿੱਛੋਂ ਇਨ੍ਹਾਂ ਤਾਕਤਾਂ ਨੂੰ ਇਹ ਚਿੰਤਾ ਖਾਏ ਜਾ ਰਹੀ ਹੈ ਕਿ ਸਿੱਖ ਅਜੇ ਵੀ ਆਪਣੀ ਪਛਾਣ ਨਾਲ ਕਿਉਂ ਜੁੜੇ ਹੋਏ ਹਨ| ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਹੁਣ ਕਿਸੇ ਵੀ ਹਾਲਤ ਵਿੱਚ ਉਹ ਬਦਲ ਨਹੀਂ ਸਕਦੇ ਪਰ ਉਹ ਇਸ ਦਾ ਗਲਤ ਤਰਜਮਾ ਕਰ ਕੇ ਗੁੰਮਰਾਹ ਜ਼ਰੂਰ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਮੈਕਲਾਉਡ ਨੇ ਇਹ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਨਵੀਂ ਵਿਚਾਰਧਾਰਾ ਨਹੀਂ ਸੀ ਦਿੱਤੀ| ਜੋ ਵਿਚਾਰਧਾਰਾ ਉਨ੍ਹਾਂ ਦਿੱਤੀ ਸੀ ਉਹ ਤਾਂ ਸਨਾਤਨ ਧਰਮ ਦਾ ਹੀ ਇੱਕ ਹਿੱਸਾ ਸੀ ਜਾਂ ਭਗਤੀ ਲਹਿਰ ਦਾ ਹਿੱਸਾ ਸੀ| ਡਾ. ਢਿੱਲੋਂ ਨੇ ਕਿਹਾ ਕਿ ਮੈਕਲਾਉਡ ਦੇ ਸਮਰਥਕ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖਾਂ ਦੀ ਆਪਣੀ ਵੱਖਰੀ, ਵਿਸ਼ੇਸ਼ ਅਤੇ ਨਿਵੇਕਲੀ ਪਹਿਚਾਣ ਨਹੀਂ ਹੈ| ਇਸ ਧਰਮ ਵਿੱਚ ਕਈ ਪਛਾਣਾਂ (ਮਲਟੀ-ਅਟੈਂਡਿਟੀਜ਼) ਕੰਮ ਕਰ ਰਹੀਆਂ ਹਨ| ਇੱਕ ਕਥਿਤ ਵਿਦਵਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਸਿੱਖਾਂ ਵਿੱਚ ਸ਼ਹਾਦਤ ਦੇ ਸੰਕਲਪ ਦੀ ਕੋਈ ਪਰੰਪਰਾ ਹੀ ਨਹੀਂ ਹੈ| ਇਹ ਤਾਂ ਬਣਾਈ (ਕੰਸਟ੍ਰੱਕਟ) ਗਈ ਹੈ| ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਸਾਜ਼ਿਸ਼ ਵਿੱਚ ਆਪਣੇ ਆਪਣੇ ਹਿਸਾਬ ਨਾਲ ਪੂਰੀ ਤਰ੍ਹਾਂ ਭਾਈਵਾਲ ਹਨ| ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਫਸਿਆ ਹੋਇਆ ਹੈ| ਉਹ, ਉਸ ਦਾ ਜਵਾਈ ਤੇ ਮੁੰਡੇ ਵਿਰੁੱਧ ਕਈ ਕੇਸ ਹਨ ਜਦਕਿ ਜਵਾਈ ਅੰਡਰਗਰਾਉਂਡ ਹੋਇਆ ਹੈ| ਉਹ ਕਿਸੇ ਵੀ ਤਰ੍ਹਾਂ ਹੁਣ ਸਿੱਖ ਪੰਥ ਦੇ ਹੱਕ ਵਿੱਚ ਕੋਈ ਦ੍ਰਿੜ ਸਟੈਂਡ ਨਹੀਂ ਲਏਗਾ ਜਦਕਿ ਸ. ਪ੍ਰਕਾਸ਼ ਸਿੰਘ ਬਾਦਲ ਸਪੱਸ਼ਟ ਤੌਰ 'ਤੇ ਹਿੰਦੂਤਵ ਵਿਚਾਰਧਾਰਾ ਦੇ ਸਮਰਥਕ ਹਨ| ਇੱਕ ਹੋਰ ਵਿਦਵਾਨ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਹਿੰਦੂਤਵ ਵਿਚਾਰਧਾਰਾ ਦਾ ਸਮਰਥਕ ਹੈ ਤਾਂ ਦੂਜੇ ਪਾਸ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦ ਦੇ ਨਾਂ ਹੇਠਾਂ ਸਿੱਖ ਕੌਮ ਦਾ ਵਿਰੋਧ ਕਰ ਰਿਹਾ ਹੈ|
ਸਿੱਖ ਵਿਦਵਾਨਾਂ ਨੇ ਮੰਗ ਕੀਤੀ ਕਿ ਸਿੱਖਿਆ ਬੋਰਡ ਤੁਰੰਤ ਸਿੱਖ ਇਤਿਹਾਸਕਾਰਾਂ ਨੂੰ ਸ਼ਾਮਿਲ ਕਰ ਕੇ ਇੱਕ ਨਵੀਂ ਕਮੇਟੀ ਦਾ ਗਠਨ ਕਰੇ ਜਿਸ ਵਿੱਚ ਸਿੱਖ ਇਤਿਹਾਸ ਦੀ ਸਹੀ ਪੇਸ਼ਕਾਰੀ ਵਾਲੇ ਸਿਲੇਬਸ ਨੂੰ ਅੰਤਿਮ ਰੂਪ ਦਿੱਤਾ ਜਾਵੇ| ਮੀਟਿੰਗ ਦੌਰਾਨ ਪਾਸ ਕੀਤੇ ਇੱਕ ਮਤੇ ਵਿੱਚ ਅਕਾਲੀ ਭਾਜਪਾ ਸਰਕਾਰ ਦੀ ਵੀ ਆਲੋਚਨਾ ਕੀਤੀ ਗਈ ਅਤੇ ਇਹ ਗਿਆ ਕਿ ਇਸ ਸਰਕਾਰ ਨੇ 2014 ਵਿੱਚ ਇਤਿਹਾਸ ਦੀਆਂ ਪਾਠ ਪੁਸਤਕਾਂ ਨੂੰ ਐਨ ਸੀ ਈ ਆਰ ਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਕੂਲ ਬਣਾਉਣ ਦੇ ਬਹਾਨੇ ਸਿੱਖ ਇਤਿਹਾਸ ਨੂੰ ਘਟਾਉਣ, ਰਾਸ਼ਟਰਵਾਦੀ ਬਨਾਉਣ ਤੇ ਭਗਵਾਂਕਰਨ ਦੀ ਪ੍ਰਕਿਰੀਆ ਅਰੰਭ ਕਰ ਦਿੱਤੀ ਸੀ| ਇਸ ਸਿਲਸਿਲੇ ਵਿੱਚ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਹੀ ਉਡਾ ਦਿੱਤਾ ਗਿਆ ਜਦਕਿ ਬਾਕੀ ਹਿੱਸੇ ਦਾ ਭਗਵਾਂਕਰਨ ਕਰ ਦਿੱਤਾ ਗਿਆ|
ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖਿਆ ਬੋਰਡ ਨੇ ਕਰਮਕਾਂਡੀ, ਪੁਜਾਰੀਵਾਦ ਅਤੇ ਹਿੰਦੂਵਾਦੀ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਅਤੇ ਇਸ ਨੂੰ ਸਿੱਖ ਯੋਧਿਆਂ ਦੇ ਕਾਰਨਾਮਿਆਂ ਅਤੇ ਇਤਿਹਾਸਕ ਤੱਥਾਂ ਦੇ ਬਰਾਬਰ ਪੇਸ਼ ਕੀਤਾ| ਸਕੂਲ ਦੀਆਂ ਨਵੀਂਆਂ ਪਾਠ ਪੁਸਤਕਾਂ ਅਸਲ ਵਿੱਚ ਸਿੱਖ ਪਹਿਚਾਣ ਨੂੰ ਪੇਤਲਾ ਅਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿੱਚੋਂ ਹੀ ਤਿਆਰ ਕੀਤੀਆਂ ਗਈਆਂ ਹਨ| ਇਸੇ ਕਰ ਕੇ ਸਿਲੇਬਸ ਤਿਆਰ ਕਰਨ ਲਈ ਕਿਸੇ ਸਿੱਖ ਇਤਿਹਾਸਕਾਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ, ਪੰਜਾਬੀ ਯੂਨੀਵਰਸਿਟੀ ਦੇ ਧਰਮ ਵਿਭਾਗ ਦੇ ਪ੍ਰੋਫੈਸਰ ਨੂੰ ਇਸ ਪ੍ਰਕਿਰਿਆ ਨਾਲ ਜੋੜਨਾ ਮਹਿਜ਼ ਪਰਦਾਪੋਸ਼ੀ ਸੀ|
ਮਤੇ ਮੁਤਾਬਕ ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਪਿਛਲੀ ਅਕਾਲੀ^ਭਾਜਪਾ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਹਿੰਦੂਕਰਣ ਕਰਨ ਦੇ ਪ੍ਰੋਜੈਕਟ ਨੂੰ ਰੱਦ ਕਰਦੀ ਪਰ ਇਸ ਦੇ ਉਲਟ ਇਸ ਨੇ ਨਵੀਂਆਂ ਪਾਠ^ਪੁਸਤਕਾਂ ਦੇ ਹੱਕ ਵਿਚ ਤਣ ਕੇ ਇਤਿਹਾਸ ਦੇ ਭਗਵਾਂਕਰਣ ਦੀ ਮੁਹਿੰਮ ਨੂੰ ਜਾਇਜ਼ ਠਹਿਰਾ ਦਿੱਤਾ| ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਸਿੱਖ ਇਤਿਹਾਸ ਤੇ ਕਲਚਰ ਦੀ ਵਿਲੱਖਣਤਾ ਨੂੰ ਖਤਮ ਕਰਕੇ ਰਾਸ਼ਟਰਵਾਦੀ ਢਾਂਚੇ ਵਿਚ ਫਿੱਟ ਕਰਨ ਵਿਚ ਅਕਾਲੀ^ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਦਾ ਬਰਾਬਰ ਦਾ ਘਿਣਾਉਣਾ ਰੋਲ ਹੈ| ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਸਰਕਾਰ ਉਤੇ ਸਿੱਖ ਇਤਿਹਾਸ ਨੂੰ ਛੁਟਿਆਉਣ ਦੇ ਦੋਸ਼ ਮਹਿਜ਼ ਸਿਆਸੀ ਤੇ ਗੁਮਰਾਹਕੁਨ ਬਿਆਨ^ਬਾਜ਼ੀ ਹੈ| ਅੰਤ ਵਿਚ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਘੱਟ^ਗਿਣਤੀ ਫਿਰਕਾ ਹੋਣ ਕਾਰਨ ਉਤਪੰਨ ਹੋਣ ਵਾਲੀਆਂ ਦੁਸ਼ਵਾਰੀਆਂ ਤੋਂ ਚੇਤੰਨ ਰਹਿੰਦਿਆਂ ਆਪਣੇ ਇਤਿਹਾਸ ਤੇ ਕਲਚਰ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਖੜ੍ਹੀ ਕਰਨ|
ਇਸ ਪੱਤਰਕਾਰ ਵੱਲੋਂ ਜਦੋਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੇ ਸਿੱਖਿਆ ਬੋਰਡਾਂ ਦੇ ਇਤਿਹਾਸ ਦੇ ਸਿਲੇਬਸਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਇੱਕ ਦਿਲਚਸਪ ਹਕੀਕਤ ਸਾਹਮਣੇ ਆਈ ਕਿ ਹਿਮਾਚਲ ਅਤੇ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਵਿੱਚ ਸਿੱਖ ਇਤਿਹਾਸ ਬਾਰੇ ਇੱਕ ਅੱਖਰ ਵੀ ਸ਼ਾਮਿਲ ਨਹੀਂ ਕੀਤਾ ਗਿਆ ਜਦਕਿ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਸਿੱਖ ਇਤਿਹਾਸ ਦਾ ਵੱਡਾ ਰੋਲ ਰਿਹਾ ਹੈ| ਇੱਕ ਹੋਰ ਦਿਲਚਸਪ ਹਕੀਕਤ ਇਹ ਵੀ ਸਾਹਮਣੇ ਆਈ ਕਿ ਮਹਾਂਭਾਰਤ ਨੂੰ ਇਤਿਹਾਸ ਦਰਸ਼ਾ ਕੇ ਪੇਸ਼ ਕੀਤਾ ਗਿਆ| ਜਦਕਿ ਸ਼ਾਇਦ ਹੀ ਕੋਈ ਇਤਿਹਾਸਕਾਰ ਹੋਵੇਗਾ ਜਿਸ ਨੇ ਮਹਾਂਭਾਰਤ ਨੂੰ ਇਤਿਹਾਸ ਦਾ ਹਿੱਸਾ ਕਿਹਾ ਹੋਵੇ| ਇਹ ਵੀ ਤੱਥ ਸਾਹਮਣੇ ਆਇਆ ਕਿ ਸਿੱਖਿਆ ਬੋਰਡਾਂ ਨੇ ਐਨ ਸੀ ਈ ਆਰ ਟੀ ਦੀਆਂ ਹਦਾਇਤਾਂ ਦਾ ਕੋਈ ਖਾਸ ਪਾਲਣ ਨਹੀਂ ਕੀਤਾ ਜਦਕਿ ਉਨ੍ਹਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਇਤਿਹਾਸ ਨੂੰ ਹੀ ਤਰਜੀਹ ਦਿੱਤੀ ਪਰ ਪਤਾ ਨਹੀਂ ਲੱਗਦਾ ਕਿ ਸਿੱਖਿਆ ਬੋਰਡ ਦੇ ਅਧਿਕਾਰੀਆਂ ਉਤੇ ਕਿਸ ਨੇ ਤਲਵਾਰ ਰੱਖੀ ਹੋਈ ਸੀ ਕਿ ਉਨ੍ਹਾਂ ਨੇ ਐਨ ਸੀ ਈ ਆਰ ਟੀ ਨਾਲ ਪੂਰੀ ਵਫਾ ਜਤਲਾਈ ਜਦਕਿ ਆਪਣੇ ਇਤਿਹਾਸ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ| ਇੱਕ ਹੋਰ ਵਿਚਾਰ ਵੀ ਸਾਹਮਣੇ ਆਇਆ ਕਿ ਵਿੱਦਿਆ ਦਾ ਖੇਤਰ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਤਾਂ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਨੂੰ ਬਾਰ੍ਹਵੀਂ ਜਮਾਤ ਦਾ ਵੱਡਾ ਹਿੱਸਾ ਬਣਾਉਣ ਤੋਂ ਕਿਨ੍ਹਾਂ ਕਾਰਨਾਂ ਕਰਕੇ ਗੁਰੇਜ਼ ਕੀਤਾ|

ਕਰਮਜੀਤ ਸਿੰਘ 
99150-91063

Or