ਆਖਰ ਉਘੇ ਵਿਗਿਆਨੀ ਨੂੰ ਮਰਜ਼ੀ ਨਾਲ ਮਰਨ ਦੀ ਖੁੱਲ੍ਹ ਮਿਲੀ

ਆਖਰੀ ਪਲਾਂ ਵਿੱਚ ਵੀ ਉਹ ਚੜ੍ਹਦੀ ਕਲਾ ਵਿੱਚ ਸੀ
ਕਰਮਜੀਤ ਸਿੰਘ
99150-91063

ਚੰਡੀਗੜ੍ਹ, 11 ਮਈ : 104 ਵਰ੍ਹਿਆਂ ਦੀ ਉਮਰ ਦੇ ਆਸਟਰੇਲੀਆ ਦੇ ਉੱਘੇ ਵਿਗਿਆਨੀ ਡੇਵਿਡ ਗੁਡਾਲ ਨੂੰ ਆਖਰਕਾਰ ਆਪਣੀ ਮਰਜ਼ੀ ਮੁਤਾਬਕ ਆਪਣੀਆਂ ਸ਼ਰਤਾਂ 'ਤੇ ਮੌਤ ਨਾਲ ਗਲਵੱਕੜੀ ਪਾਉਣ ਦੀ ਇਜਾਜ਼ਤ ਮਿਲ ਹੀ ਗਈ, ਪਰ ਮਿਲੀ ਸਵਿਟਰਜ਼ਰਲੈਂਡ ਵਿੱਚ ਹੀ, ਕਿਉਂਕਿ ਆਸਟਰੇਲੀਆ ਦੇ ਕਾਨੂੰਨ ਅਨੁਸਾਰ ਬੰਦੇ ਨੂੰ ਆਪਣੀ ਮਰਜ਼ੀ ਮੁਤਾਬਕ ਮਰਨ ਦੀ ਖੁੱਲ੍ਹ ਹਾਸਲ ਨਹੀਂ ਹੈ| ਵੀਰਵਾਰ ਵਾਲੇ ਦਿਨ ਜਦੋਂ ਬੂਟਿਆਂ ਦੀ ਵਿਗਿਆਨ ਦੇ ਇਸ ਸੰਸਾਰ ਪ੍ਰਸਿੱਧ ਸਾਇੰਸਦਾਨ ਨੇ ਆਖਰੀ ਸਾਹ ਲਿਆ ਤਾਂ ਉਸ ਸਮੇਂ ਉਸ ਦੇ ਪੋਤੇ-ਪੋਤਰੀਆਂ ਤੇ ਉਸ ਦਾ ਇੱਕ ਗੂੜਾ ਯਾਰ ਆਖਰੀ ਘੜੀਆਂ ਦੇ ਚਸ਼ਮਦੀਦ ਗਵਾਹ ਬਣੇ|
ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਉਸ ਨੇ 103 ਸਾਲ ਤੱਕ ਵਿਗਿਆਨ ਦੇ ਕੰਮਾਂ ਨੂੰ ਜਾਰੀ ਰੱਖਿਆ| ਉਹ ਅਸਲ ਵਿੱਚ 30 ਜਿਲਦਾਂ ਵਿੱਚ ਲਿਖੇ ਜਾਣ ਵਾਲੇ ਕੋਸ਼ ਦੇ ਚੇਅਰਮੈਨ ਵੀ ਸਨ| ਵੈਸੇ ਉਹ 1979 ਵਿੱਚ 65 ਵਰ੍ਹਿਆਂ ਦੀ ਉਮਰ ਵਿੱਚ ਰਿਟਾਇਰ ਹੋ ਗਏ ਸਨ, ਪਰ ਪਰਥ ਦੀ ਇੱਕ ਯੂਨੀਵਰਸਿਟੀ ਵਿੱਚ ਉਹ ਫਿਰ ਵੀ ਆਨਰੇਰੀ ਤੌਰ 'ਤੇ ਕੰਮ ਕਰਦੇ ਰਹੇ| 2016 ਦੀ ਗੱਲ ਹੈ ਜਦੋਂ ਯੂਨੀਵਰਸਿਟੀ ਨੇ ਐਲਾਨ ਕਰ ਦਿੱਤਾ ਕਿ ਡੇਵਿਡ ਸਾਹਿਬ! ਤੁਸੀਂ ਹੁਣ ਕੰਮ ਕਰਨ ਦੇ ਯੋਗ ਨਹੀਂ ਰਹੇ, ਇਸ ਲਈ ਤੁਹਾਡੀ ਛੁੱਟੀ ਕੀਤੀ ਜਾਂਦੀ ਹੈ| ਪਰ ਸਾਰੇ ਆਸਟਰੇਲੀਆ ਵਿੱਚ ਇਸ ਫੈਸਲੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਤੇ ਆਖਰਕਾਰ ਯੂਨੀਵਰਸਿਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ|
ਜ਼ਿੰਦਗੀ ਦੇ ਆਖਰੀ ਘੰਟਿਆਂ ਵਿੱਚ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਸੀ ਅਤੇ ਉਸ ਨੇ ਆਪਣਾ ਮਨਭਾਉਂਦਾ ਖਾਣਾ ਮੱਛੀ ਤੇ ਫਰੈਂਚ ਫਰਾਈਜ਼ ਚਿਪਸ ਰਲਾ ਕੇ ਖਾਧੇ| ਉਸ ਤੋਂ ਪਹਿਲਾਂ ਇੱਕ ਵੱਡੀ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਪੱਤਰਕਾਰਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ| ਪੱਤਰਕਾਰਾਂ ਨੇ ਪੁੱਛਿਆ ਕਿ ਆਖਰੀ ਮਿੰਟਾਂ ਵਿੱਚ ਜਦੋਂ ਤੁਸੀਂ ਮੌਤ ਦੇ ਨਜ਼ਦੀਕ ਹੋਵੋਗੇ ਤਾਂ ਉਸ ਵੇਲੇ ਤੁਸੀਂ ਕਿਹੜਾ ਸੰਗੀਤ ਸੁਣਨਾ ਚਾਹੋਗੇ ਤਾਂ ਉਨ੍ਹਾਂ ਨੇ ਉੱਘੇ ਸੰਗੀਤਕਾਰ ਬੀਥੋਵਨਸ ਦਾ ਮਸ਼ਹੂਰ ਗੀਤ 'ਓਡ ਆਫ ਜੁਆਏ' ਦੀ ਸਿਫਾਰਿਸ਼ ਕੀਤੀ| ਅਸਲ ਵਿੱਚ ਇਹੋ ਗੀਤ ਆਖਰੀ ਪਲਾਂ ਵਿੱਚ ਉਨ੍ਹਾਂ ਨੇ ਸੁਣਿਆ| ਇੱਕ ਦਿਨ ਪਹਿਲਾਂ ਪਰਥ ਤੋਂ ਉਨ੍ਹਾਂ ਨੇ ਇੱਕ ਪਾਸੜ ਹਵਾਈ ਜਹਾਜ਼ ਦੀ ਟਿਕਟ ਲਈ ਅਤੇ ਸਵਿਟਰਜ਼ਰਲੈਂਡ ਲਈ ਰਵਾਨਾ ਹੋਏ ਜਿਥੇ ਇੱਕ ਕਲੀਨਿਕ ਵਿੱਚ 'ਰਾਈਟ ਟੂ ਡਾਈ' ਗਰੁੱਪ ਦੇ ਬਾਨੀ ਡਾ. ਫਿਲਿਪ ਨਿਸ਼ਕੇ ਮੌਜੂਦ ਸਨ| ਉਨ੍ਹਾਂ ਕੋਲੋਂ ਆਖਰੀ ਸਮੇਂ ਸਵਾਲ ਪੁੱਛੇ ਗਏ ਜਿਸ ਵਿੱਚ ਉਨ੍ਹਾਂ ਨੂੰ ਪਤਾ ਸੀ ਕਿ ਹੁਣ ਉਹ ਕਿੱਥੇ ਹੈ, ਕੀ ਕਰਨ ਜਾ ਰਿਹਾ ਹੈ| ਡਾ. ਮੁਤਾਬਕ ਉਸਨੇ ਸਾਰੇ ਸਵਾਲਾਂ ਦੇ ਜਵਾਬ ਪੂਰੀ ਹਿੰਮਤ, ਹੌਂਸਲੇ ਅਤੇ ਧੀਰਜ ਨਾਲ ਦਿੱਤੇ| ਉਸ ਦੇ ਆਖਰੀ ਸ਼ਬਦ ਸਨ : ਬੜੀ ਦੇਰ ਹੋ ਗਈ ਹੈ ਦੁੱਖ ਝਲਦਿਆਂ| ਸਵਿਟਰਜ਼ਰਲੈਂਡ ਹੀ ਇੱਕ ਅਜਿਹਾ ਮੁਲਕ ਹੈ ਜਿਥੇ ਤੁਹਾਨੂੰ ਆਪਣੀ ਮਰਜ਼ੀ ਨਾਲ ਮਰਨ ਦਾ ਅਧਿਕਾਰ ਹਾਸਲ ਹੈ| ਉਸ ਨੂੰ ਉਮੀਦ ਸੀ ਕਿ ਮੇਰੇ ਮਰਨ ਪਿੱਛੋਂ ਆਸਟਰੇਲੀਆ ਦੀ ਸਰਕਾਰ ਆਪਣੀ ਮਰਜ਼ੀ ਨਾਲ ਮੌਤ ਚੁਣਨ ਦੀ ਖੁੱਲ੍ਹ ਦੇ ਦੇਵੇਗੀ| ਉਸ ਦੀ ਮੌਤ ਉਤੇ ਆਸਟਰੇਲੀਆ ਦੇ ਕਈ ਡਾਕਟਰਾਂ ਨੇ ਡੇਵਿਡ ਵਿਰੁੱਧ ਕਈ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਮੌਤ ਨੂੰ ਪਸੰਦ ਨਹੀਂ ਕੀਤਾ| ਹੁਣ ਤੱਕ ਸਵਿਟਰਜ਼ਰਲੈਂਡ ਦੇ ਕਲੀਨਿਕ ਵਿੱਚ 75 ਤੋਂ ਵੱਧ ਵਿਅਕਤੀਆਂ ਨੇ ਆਪਣੀ ਮਰਜ਼ੀ ਨਾਲ ਮੌਤ ਨੂੰ ਚੁਣਿਆ ਹੈ ਜਦਕਿ 900 ਤੋਂ ਉਪਰ ਅਰਜ਼ੀਆਂ ਇਸ ਕਲੀਨਿਕ ਵਿੱਚ ਪਹੁੰਚ ਚੁੱਕੀਆਂ ਹਨ, ਜਿਸ ਵਿੱਚ ਇਹ ਵਿਅਕਤੀ ਮੌਤ ਨੂੰ ਆਪਣੇ ਗਲ ਲਾਉਣਾ ਚਾਹੁੰਦੇ ਹਨ|
ਡੇਵਿਡ ਦੀ ਨਜ਼ਰ ਆਖਰੀ ਸਾਲਾਂ ਵਿੱਚ ਕਮਜ਼ੋਰ ਹੋ ਗਈ ਸੀ| ਤੁਰਨਾ ਫਿਰਨਾ ਵੀ ਉਨ੍ਹਾਂ ਲਈ ਇੰਨਾ ਅਸਾਨ ਨਹੀਂ ਸੀ ਪਰ ਫਿਰ ਵੀ ਕੰਮ ਉਨ੍ਹਾਂ ਦਾ ਇਸ਼ਕ ਸੀ| ਉਨ੍ਹਾਂ ਦੀ ਇੱਕ ਪੋਤਰੀ ਨੇ ਦੱਸਿਆ ਕਿ ਜਦੋਂ ਉਹ ਕੰਮ ਨਹੀਂ ਸਨ ਕਰਦੇ ਤਾਂ ਉਹ ਮੁਰਝਾ ਜਾਂਦੇ ਸਨ| ਉਹ ਕਿਹਾ ਕਰਦੇ ਸਨ ਕਿ ਕੰਮ ਤੋਂ ਬਿਨਾਂ ਮੇਰੀ ਜ਼ਿੰਦਗੀ ਖਾਲੀ ਖਾਲੀ ਹੋ ਜਾਏਗੀ| ਉਸ ਦੇ ਪੋਤਰੇ-ਪੋਤਰੀਆਂ ਤੇ ਪੜਪੋਤਰੇ ਯੂਰਪ ਦੇ ਵੱਖ ਵੱਖ ਮੁਲਕਾਂ ਵਿੱਚ ਫੈਲੇ ਹੋਏ ਹਨ| ਉਸ ਨੇ ਇਨ੍ਹਾਂ ਨਾਲ ਇੱਕ ਬਾਗ ਵਿੱਚ ਸੈਰ ਕੀਤੀ ਅਤੇ ਸੈਰ ਦੌਰਾਨ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਮੌਤ ਦੇ ਡਰ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ ਉਤੇ ਬਿਲਕੁਲ ਵੀ ਨਜ਼ਰ ਨਹੀਂ ਸਨ ਆ ਰਹੀਆਂ| ਵੈਸੇ ਡੇਵਿਡ ਨੇ ਜ਼ਿੰਦਗੀ ਵਿੱਚ 3 ਦਫਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕਾਮਯਾਬ ਨਹੀਂ ਹੋਏ| ਉਨ੍ਹਾਂ ਨੇ ਆਸਟਰੇਲੀਆ ਵਿੱਚ ਇੱਕ ਮੁਹਿੰਮ ਵੀ ਚਲਾਈ ਹੋਈ ਸੀ ਕਿ ਬੰਦੇ ਨੂੰ ਆਪਣੀ ਮਰਜ਼ੀ ਮੁਤਾਬਕ ਮੌਤ ਚੁਣਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ|

Or