ਕ੍ਰਿਸ਼ਨ ਕੁਮਾਰ ਦਾ ‘ਗਿਆਨ ਸਰੋਵਰ’ ਸਵਾਲਾਂ ਦੇ ਘੇਰੇ ਵਿੱਚ

ਕਿਤਾਬ ਵਿੱਚ ਬੱਜਰ ਗਲਤੀਆਂ ਦਾ ਪਰਦਾਫਾਸ਼ ਅਕਾਲੀ ਦਲ (ਅ) ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕੀਤਾ
ਕ੍ਰਿਸ਼ਨ ਕੁਮਾਰ ਨੂੰ ਬਚਾਉਣ ਦਾ ਰਾਹ ਬਾਦਲ ਸਰਕਾਰ ਨੇ ਕੱਢਿਆ ਅਤੇ ਕੈਪਟਨ ਸਰਕਾਰ ਵੀ ਹੁਣ ਉਨ੍ਹਾਂ ਹੀ ਲੀਹਾਂ 'ਤੇ
ਦੋਵਾਂ ਪਾਰਟੀਆਂ ਵੱਲੋਂ ਗੰਭੀਰ ਮੁੱਦਿਆਂ ਉਤੇ ਹੋਛੀ ਸਿਆਸਤ

ਚੰਡੀਗੜ੍ਹ, 4 ਮਈ (ਕਰਮਜੀਤ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਹੋਈਆਂ ਗਲਤੀਆਂ ਲਈ ਭਾਵੇਂ ਪੰਜਾਬ ਸਰਕਾਰ ਨੇ ਅਧੂਰੀ ਕਿਸਮ ਦੀ ਮੁਆਫੀ ਮੰਗ ਲਈ ਹੈ, ਪਰ ਜਦੋਂ ਤੱਕ ਗਿਆਰਵੀਂ ਜਮਾਤ ਦੀ ਕਿਤਾਬ ਸਾਹਮਣੇ ਨਹੀਂ ਆਉਂਦੀ ਅਤੇ ਬਾਰ੍ਹਵੀਂ ਜਮਾਤ ਦੀ ਕਿਤਾਬ ਦਾ ਸਰਬਪੱਖੀ ਵਿਸ਼ਲੇਸ਼ਣ ਨਹੀਂ ਹੁੰਦਾ, ਉਦੋਂ ਤੱਕ ਭੰਬਲਭੂਸੇ ਵਾਲੀ ਹਾਲਤ ਬਣੀ ਹੀ ਰਹਿਣੀ ਹੈ| ਪਰ ਦੂਜੇ ਪਾਸੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਾਲ 2010 ਵਿੱਚ ਬੱਚਿਆਂ ਲਈ ਛਪਿਆ ਕੋਸ਼ (ਇਨਸਾਈਕਲੋਪੀਡੀਆ) ਵੀ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਕ੍ਰਿਸ਼ਨ ਕੁਮਾਰ 'ਗਿਆਨ ਸਰੋਵਰ' ਨਾਂ ਦੇ ਇਸ ਕੋਸ਼ ਦੇ ਮੁੱਖ ਸੰਪਾਦਕ ਸਨ ਅਤੇ ਨਾਲ ਹੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਵੀ ਸਨ| ਦਵਿੰਦਰ ਸਿੰਘ ਬੋਹਾ ਇਸ ਕੋਸ਼ ਦੇ ਸੰਪਾਦਕ ਸਨ ਜਦਕਿ ਕੁਲਦੀਪ ਸਿੰਘ ਦੀਪ ਸਹਿ-ਸੰਪਾਦਕ ਸਨ| ਸੰਪਾਦਕੀ ਮੰਡਲ ਵਿੱਚ ਡਾ. ਜਸਬੀਰ ਸਿੰਘ, ਸਤਪਾਲ ਭਿੱਖੀ, ਗੁਰਨੈਬ ਮਘਾਣੀਆ, ਬਲਜੀਤ ਪਾਲ ਸਿੰਘ, ਅਸ਼ੋਕ ਕੁਮਾਰ ਅਤੇ ਦਰਸ਼ਨ ਸਿੰਘ ਬਰੇਟਾ ਸ਼ਾਮਿਲ ਸਨ| ਮੈਂ ਦਵਿੰਦਰ ਸਿੰਘ ਬੋਹਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਵੈਬਸਾਈਟ 'ਤੇ ਸਬੰਧਤ ਜਾਣਕਾਰੀ ਬਲਾਕ ਕੀਤੀ ਗਈ ਹੈ|
ਕਰੀਬ 500 ਸਫਿਆਂ ਦੀ 'ਗਿਆਨ ਸਰੋਵਰ' ਪੁਸਤਕ ਵਿੱਚ ਸਿੱਖ ਇਤਿਹਾਸ ਅਤੇ ਸਿੱਖ ਧਰਮ ਬਾਰੇ ਬਹੁਤ ਹੀ ਊਟ-ਪਟਾਂਗ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਅਤੇ ਇਹ ਸਮਝ ਹੀ ਨਹੀਂ ਆ ਰਿਹਾ ਕਿ ਸੰਪਾਦਕੀ ਮੰਡਲ ਨੇ ਇਹ ਜਾਣਕਾਰੀਆਂ ਕਿੱਥੋਂ ਹਾਸਲ ਕੀਤੀਆਂ ਹਨ| ਮਿਸਾਲ ਦੇ ਤੌਰ 'ਤੇ ਬੇਬੇ ਨਾਨਕੀ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਜਾਣਕਾਰੀ ਵਿੱਚ ਇਸ ਹੱਦ ਤੱਕ ਬੱਜਰ ਗਲਤੀ ਕੀਤੀ ਗਈ ਹੈ ਕਿ ਸਾਨੂੰ ਇਥੇ ਲਿਖਦਿਆਂ ਵੀ ਸ਼ਰਮ ਆਉਂਦੀ ਹੈ| ਇਸੇ ਤਰ੍ਹਾਂ 'ਅੰਮ੍ਰਿਤ' ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਹਿੰਦੂ ਮਿਥਿਹਾਸ ਮੁਤਾਬਕ ਤਾਂ ਕਿਸੇ ਹੱਦ ਤੱਕ ਠੀਕ ਹੈ ਪਰ ਦਸਮੇਸ਼ ਪਿਤਾ ਵੱਲੋਂ ਅਨੰਦਪੁਰ ਸਾਹਿਬ ਵਿੱਚ ਛਕਾਏ ਗਏ ਅੰਮ੍ਰਿਤ ਬਾਰੇ ਅਤੇ ਉਸ ਇਤਿਹਾਸਕ ਘਟਨਾ ਬਾਰੇ ਇੱਕ ਵੀ ਸਤਰ ਨਹੀਂ ਦਿੱਤੀ ਗਈ| ਪਰ ਹੈਰਾਨੀ ਦੀ ਗੱਲ ਹੈ ਕਿ ਗੁਰਬਾਣੀ ਵਿੱਚੋਂ ਜਿਸ ਸਤਰ ਦਾ ਹਵਾਲਾ ਦਿੱਤਾ ਗਿਆ ਹੈ ਉਥੇ ਰਾਗ-ਸਾਰੰਗਮ -2 ਲਿਖਿਆ ਗਿਆ ਹੈ ਜਦਕਿ ਸਾਰੰਗਮ ਰਾਗ ਹੈ ਹੀ ਨਹੀਂ| ਅਸਲ ਵਿੱਚ ਸਾਰੰਗ ਦੇ ਅਗਲਾ ਅੱਖਰ ਜੋ 'ਮ' ਲਿਖਿਆ ਗਿਆ ਹੈ ਉਹ ਅੱਖਰ ਮਹਿਲਾ ਦਾ ਸੰਖੇਪ ਰੂਪ ਹੈ ਜਿਸ ਦਾ ਮਤਲਬ ਹੈ ਕਿ ਸਾਰੰਗ ਰਾਗ ਵਿੱਚ ਇਹ ਸਤਰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਹੈ| ਇਸੇ ਤਰ੍ਹਾਂ ਮਾਤਾ ਗੁਜਰੀ ਜੀ ਬਾਰੇ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਮਾਧ ਗੁਰਦੁਆਰਾ ਜੋਤੀਸਰੂਪ ਵਿੱਚ ਮੌਜੂਦ ਹੈ|
ਵਿਸ਼ਵ ਕੋਸ਼ (ਇਨਾਸਾਈਕਲੋਪੀਡੀਆ) ਨਿਰਮਲ ਤੇ ਸਹੀ ਤੱਥਾਂ ਨਾਲ ਜੁੜੀਆਂ ਜਾਣਕਾਰੀਆਂ ਦਾ ਅਨਮੋਲ ਖਜ਼ਾਨਾ ਹੁੰਦਾ ਹੈ ਪਰ ਕ੍ਰਿਸ਼ਨ ਕੁਮਾਰ ਵਾਲੇ ਕੋਸ਼ ਵਿੱਚ ਤੱਥ ਵਿਗਾੜੇ ਗਏ ਹਨ ਜਾਂ ਅਲੋਪ ਕਰ ਦਿੱਤੇ ਗਏ ਹਨ| ਕੋਸ਼ ਦੇ ਸੰਪਾਦਕ ਦਵਿੰਦਰ ਸਿੰਘ ਬੋਹਾ ਨੇ ਕੋਸ਼ ਦੀ ਭੂਮਿਕਾ ਲਿਖੀ ਹੈ| ਇਸ ਵਿਦਵਾਨ ਨੇ ਪੀ ਐਚ ਡੀ ਦੀ ਸਭ ਤੋਂ ਉੱਚੀ ਡਿਗਰੀ ਹਾਸਲ ਕੀਤੀ ਹੋਈ ਹੈ ਪਰ ਇਸ ਨੂੰ ਇੰਨੀ ਵੀ ਜਾਣਕਾਰੀ ਨਹੀਂ ਕਿ ਉਹ ਆਪਣੀ ਭੂਮਿਕਾ ਵਿੱਚ ਗੁਰਬਾਣੀ ਵਿੱਚੋਂ ਲਈ ਸਤਰ ਵਿਗਾੜ ਕੇ ਪੇਸ਼ ਕਰ ਰਿਹਾ ਹੈ| ਉਸ ਨੇ ਆਪਣੀ ਪੇਸ਼ ਕੀਤੀ ਸਤਰ ਨੂੰ 1430 ਪੰਨ੍ਹਿਆਂ ਉਤੇ ਅਧਾਰਿਤ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਕੇ ਪੜਤਾਲ ਕਰਨ ਦੀ ਵਿਹਲ ਹੀ ਨਹੀਂ ਕੱਢੀ| ਭੂਮਿਕਾ ਵਿੱਚ ਇਸ ਵਿਦਵਾਨ ਨੇ ਗੁਰਬਾਣੀ ਦੀ ਸਤਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ : 'ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਝ ਹੈ ਸੋ ਤੇਰਾ'| ਵਿਦਵਾਨ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਸਤਰ ਗੁਰੂ ਗ੍ਰੰਥ ਸਾਹਿਬ ਦੇ ਕਿਸ ਪੰਨੇ ਉਤੇ ਹੈ ਅਤੇ ਕਿਸ ਦੀ ਹੈ| ਵਿਸ਼ਵ ਕੋਸ਼ ਦੇ ਮੁੱਖ ਸੰਪਾਦਕ ਨੇ ਕੋਸ਼ ਦੀਆਂ ਗੰਭੀਰ ਬਰੀਕੀਆਂ ਬਾਰੇ ਅਜੇ ਜਾਣਕਾਰੀ ਸ਼ਾਇਦ ਹਾਸਲ ਕਰਨੀ ਹੈ| ਅਸਲੀ ਸਤਰ ਇੰਜ ਹੈ ਅਤੇ ਕਬੀਰ ਜੀ ਦੀ ਹੈ : 'ਕਬੀਰ ਮੇਰਾ ਮੁਝ ਮਹਿ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ|' ਅਸਲ ਵਿੱਚ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਇਸ ਕੋਸ਼ ਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਿਆ ਅਤੇ ਕਿਸ ਸਰਕਾਰ ਨੇ ਇਹ ਨੀਤੀ ਘੜੀ ਤੇ ਕਿਸ ਅਧਿਕਾਰੀ ਨੇ ਕਿਸ ਅਧਾਰ 'ਤੇ ਸੰਪਾਦਕ ਤੇ ਸੰਪਾਦਕੀ ਮੰਡਲ ਦੇ ਵਿਦਵਾਨਾਂ ਦੀ ਚੋਣ ਕੀਤੀ? ਫਿਰ ਦਵਿੰਦਰ ਸਿੰਘ ਬੜੇ ਭਰੋਸੇ ਨਾਲ ਇਹ ਵੀ ਦਾਅਵਾ ਕਰਦੇ ਹਨ ਕਿ ਇਹ ਕੋਸ਼ ਕੋਈ ਸਧਾਰਣ ਪੁਸਤਕ ਨਹੀਂ ਸਗੋਂ 'ਸੰਦਰਭ ਪੁਸਤਕ' ਹੈ| ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਕੀ ਬੇਬੇ ਨਾਨਕੀ ਜੀ ਅਤੇ ਹੋਰਨਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਹ 'ਸੰਦਰਭ ਪੁਸਤਕ' ਲਾਹੇਵੰਦ ਰਹੇਗੀ? ਇਸੇ ਤਰ੍ਹਾਂ ਕ੍ਰਿਸ਼ਨ ਕੁਮਾਰ ਨੇ ਪੁਸਤਕ ਦੇ ਅਰੰਭ ਵਿੱਚ 'ਦੋ ਸ਼ਬਦ' ਦੇ ਸਿਰਲੇਖ ਹੇਠ ਇਹ ਦਾਅਵਾ ਕੀਤਾ ਹੈ ਕਿ ਇਹ ਕੋਸ਼ ਬੱਚਿਆਂ ਦੀ 'ਮਾਨਸਿਕ ਪੱਧਰ' ਮੁਤਾਬਕ ਤਿਆਰ ਕੀਤਾ ਗਿਆ ਹੈ| ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਮਾਨਸਿਕ ਪੱਧਰ ਬੱਚਿਆਂ ਅੰਦਰ ਉੱਚਾ ਕਰ ਰਹੇ ਹਨ ਅਤੇ ਕਿਸ 'ਅਕਾਦਮਿਕ ਜਗਤ' ਅੱਗੇ ਪੇਸ਼ ਕਰਨ ਦੀ ਖੁਸ਼ੀ ਹਾਸਲ ਕਰ ਰਹੇ ਹਨ?
ਇਨ੍ਹਾਂ ਭਿਆਨਕ ਗਲਤੀਆਂ ਦਾ ਸਭ ਤੋਂ ਪਹਿਲਾਂ ਜਿਸ ਨੌਜਵਾਨ ਨੂੰ ਪਤਾ ਲੱਗਾ ਉਹ ਮਾਨਸਾ ਦੇ ਨੇੜੇ ਜਵਾਹਰਕੇ ਦਾ ਰਹਿਣ ਵਾਲਾ ਹੈ ਅਤੇ ਅਕਾਲੀ ਦਲ (ਅੰਮ੍ਰਿਤਸਰ) ਦਾ ਉੱਘਾ ਆਗੂ ਵੀ ਹੈ| ਇਸ ਨੇ ਦੋ ਵਾਰ ਐਮ ਐਲ ਏ ਦੀ ਚੋਣ ਵੀ ਲੜੀ ਹੈ ਅਤੇ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਵੀ ਖੜ੍ਹਾ ਹੋਇਆ ਸੀ| ਮੁੱਕਦੀ ਗੱਲ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਫਤਿਹਗੜ੍ਹ ਸਾਹਿਬ ਥਾਣੇ ਅੱਗੇ ਰੋਸ ਪ੍ਰਗਟ ਕੀਤਾ ਅਤੇ 'ਗਿਆਨ ਸਰੋਵਰ' ਦੀ ਕਿਤਾਬ ਪੇਸ਼ ਕੀਤੀ ਅਤੇ ਨਾਲ ਹੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ| ਜਦੋਂ ਅਖਬਾਰਾਂ ਵਿੱਚ ਵੱਡਾ ਰੌਲਾ ਪਿਆ ਤਾਂ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਦੀ ਕੁੰਭਕਰਨੀ ਨੀਂਦ ਖੁੱਲ੍ਹੀ| ਉਸ ਸਮੇਂ ਸ੍ਰੀਮਤੀ ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਸਨ ਅਤੇ ਸ. ਪ੍ਰਕਾਸ਼Ö ਸਿੰਘ ਬਾਦਲ ਮੁੱਖ ਮੰਤਰੀ ਸਨ| ਸਥਿਤੀ ਪਲ-ਪਲ ਗੰਭੀਰ ਹੁੰਦੀ ਜਾ ਰਹੀ ਸੀ ਅਤੇ ਇਸ ਤੋਂ ਪਹਿਲਾਂ ਕਿ ਮਾਹੌਲ ਖਰਾਬ ਹੋ ਜਾਵੇ, ਬਾਦਲ ਸਰਕਾਰ ਨੂੰ ਕ੍ਰਿਸ਼ਨ ਕੁਮਾਰ ਨੂੰ ਬਚਾਉਣ ਲਈ ਅਕਾਲ ਤਖਤ ਜਾਣ ਦਾ ਨਵਾਂ ਰਾਹ ਕੱਢਿਆ ਜਿਥੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸਨ ਅਤੇ ਅੱਜ ਵੀ ਹਨ| ਸੂਤਰਾਂ ਅਨੁਸਾਰ ਗਿਆਨੀ ਗੁਰਬਚਨ ਸਿੰਘ ਨੂੰ ਵਿਚੋਲਿਆਂ ਨੇ ਸੁਨੇਹਾ ਦਿੱਤਾ ਕਿ ਬੰਦੇ ਆ ਰਹੇ ਹਨ ਤੇ ਉਨ੍ਹਾਂ ਨੂੰ ਮੁਆਫੀ ਦੇ ਦਿੱਤੀ ਜਾਵੇ| ਸੋ ਕ੍ਰਿਸ਼ਨ ਕੁਮਾਰ ਅਤੇ ਉਨ੍ਹਾਂ ਨਾਲ ਚਾਰ ਹੋਰ ਸਾਥੀ ਅਕਾਲ ਤਖਤ 'ਤੇ ਪੇਸ਼ ਹੋਏ ਅਤੇ ਲਿਖਤੀ ਮੁਆਫੀ ਮੰਗੀ ਅਤੇ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਕਰਨ ਦਾ ਲਿਖਤੀ ਇਕਰਾਰ ਕੀਤਾ|
ਪਰ ਮੁਆਫੀ ਮੰਗਣ ਦੀ ਘਟਨਾ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ, ਉਸ ਦੇ ਸਾਥੀ ਅਤੇ ਸਰਕਾਰ ਨੇ ਵਿੰਗੇ ਟੇਢੇ ਢੰਗ ਨਾਲ ਗੁਰਸੇਵਕ ਸਿੰਘ ਉਤੇ ਕੇਸ ਵਾਪਸ ਲੈਣ ਦਾ ਤਰ੍ਹਾਂ ਤਰ੍ਹਾਂ ਦਾ ਦਬਾਅ ਪਾਇਆ ਪਰ ਉਹ ਆਪਣੇ ਇਰਾਦੇ 'ਤੇ ਦ੍ਰਿੜ ਰਹੇ ਅਤੇ ਕ੍ਰਿਸ਼ਨ ਕੁਮਾਰ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਰਹੇ| ਉਧਰ ਸਰਕਾਰ ਨੇ ਸਬੰਧਤ ਥਾਣੇ ਨੂੰ ਐਫ ਆਈ ਆਰ ਦਰਜ ਨਾ ਕਰਨ ਅਤੇ ਇਸ ਮਾਮਲੇ ਨੂੰ ਲਮਕਾਉਣ ਦਾ 'ਗੁਪਤ ਹੁਕਮ' ਜਾਰੀ ਕਰ ਦਿੱਤਾ| ਗੁਰਸੇਵਕ ਸਿੰਘ ਮੁਤਾਬਕ ਇਹ 'ਹੁਕਮ' ਇੰਜ ਹੀ ਲਾਗੂ ਹੋਇਆ ਅਤੇ ਸਾਨੂੰ ਕਦੇ ਐਫ ਆਈ ਆਰ ਦੀ ਕਾਪੀ ਨਾ ਦਿੱਤੀ ਗਈ| ਉਨ੍ਹਾਂ ਮੁਤਾਬਕ ਉਨ੍ਹਾਂ ਨੇ ਸੀ ਜੀ ਐਮ ਦੀ ਅਦਾਲਤ ਵਿੱਚ ਵੀ ਅਰਜ਼ੀ ਪਾਈ ਪਰ ਮਾਮਲਾ ਲਮਕ ਗਿਆ ਅਤੇ ਗੱਲ ਆਈ ਗਈ ਹੋ ਗਈ| ਸੂਤਰਾਂ ਅਨੁਸਾਰ ਗੱਲ ਨੂੰ ਆਈ ਗਈ ਕਰਨ ਵਿੱਚ ਬਾਦਲ ਸਾਹਿਬ ਨੂੰ ਪੁਰਾਣੀ ਮੁਹਾਰਤ ਹਾਸਲ ਹੈ ਅਤੇ ਉਹ ਆਪਣੀ ਇਸ ਰਣਨੀਤੀ ਵਿੱਚ ਕਾਮਯਾਬ ਹੁੰਦੇ ਰਹੇ ਹਨ| ਸ. ਗੁਰਸੇਵਕ ਸਿੰਘ ਨੇ ਇਹ ਦਿਲਚਸਪ ਜਾਣਕਾਰੀ ਵੀ ਦਿੱਤੀ ਕਿ ਰੌਲਾ ਪੈਣ ਉਤੇ ਗਿਆਨ ਸਰੋਵਰ ਦੀਆਂ ਸਾਰੀਆਂ ਕਿਤਾਬਾਂ ਰਾਤੋਂ ਰਾਤ ਸਕੂਲਾਂ ਤੋਂ ਮੰਗਵਾ ਲਈਆਂ ਗਈਆਂ ਅਤੇ ਕਈ ਪ੍ਰਿੰਸੀਪਲ ਅੱਧੀ ਰਾਤ ਤੱਕ ਕਿਤਾਬਾਂ ਜਮਾਂ ਕਰਵਾਉਂਦੇ ਰਹੇ|
ਗੁਰਸੇਵਕ ਸਿੰਘ ਨੇ ਮੈਨੂੰ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਦੱਸਿਆ ਕਿ ਹਰ ਰੋਜ਼ ਉਨ੍ਹਾਂ ਦੇ ਘਰ ਅੱਗੇ ਦਰਜਨਾਂ ਕਾਰਾਂ ਖਲੋਤੀਆਂ ਰਹਿੰਦੀਆਂ ਸਨ| ਕੋਸ਼ ਤਿਆਰ ਕਰਨ ਵਾਲੇ ਆਪਣੇ ਬੰਦੇ ਭੇਜਦੇ, ਮੁਆਫੀਆਂ ਮੰਗਦੇ, ਨੌਕਰੀ ਖੁਸ ਜਾਣ ਦੇ ਡਰ ਤੋਂ ਕੇਸ ਵਾਪਸ ਲੈਣ ਲਈ ਤਰਲੇ ਕਰਦੇ| ਇਥੋਂ ਤੱਕ ਕਿ ਆਪਣੇ ਬੰਦਿਆਂ ਰਾਹੀਂ ਕ੍ਰਿਸ਼ਨ ਕੁਮਾਰ ਨੇ ਇਹ ਪੇਸ਼ਕਸ ਵੀ ਕੀਤੀ ਕਿ ਤੁਸੀਂ ਦੱਸੋ ਸਰਬ-ਸਿੱਖਿਆ ਅਭਿਆਨ ਵਿੱਚ ਕਿੰਨੇ ਬੰਦੇ ਅਡਜਸਟ ਕਰਵਾਉਣੇ ਹਨ| ਉਧਰ ਉਪਿੰਦਰਜੀਤ ਕੌਰ ਨੇ ਸਿਮਰਨਜੀਤ ਸਿੰਘ ਮਾਨ ਨੂੰ ਫੋਨ ਕਰਕੇ ਮੁਆਫੀ ਮੰਗੀ ਅਤੇ ਆਖਿਆ ਕਿ ਸਭ ਕੁਝ ਅਣਜਾਣੇ ਵਿੱਚ ਹੋ ਗਿਆ ਹੈ ਅਤੇ ਇਸ ਨੂੰ ਜਾਣ ਦਿਓ ਅਤੇ ਅੱਗੇ ਕਾਰਵਾਈ ਲਈ ਦਬਾਅ ਨਾ ਪਾਓ|
ਦਿਲਚਸਪ ਹੈਰਾਨੀ ਵਾਲਾ ਤੱਥ ਇਹ ਹੈ ਕਿ ਕਿਤਾਬ ਵਿੱਚ ਪ੍ਰਿੰਟਿੰਗ ਪ੍ਰੈਸ ਦਾ ਨਾਂ ਹੀ ਨਹੀਂ ਦਿੱਤਾ ਗਿਆ ਜਦਕਿ ਕੋਸ਼ ਵਿੱਚ ਤੁਹਾਨੂੰ ਮੁਕੰਮਲ ਜਾਣਕਾਰੀ ਦੇਣੀ ਪੈਂਦੀ ਹੈ| ਇਹ ਕਿਉਂ ਨਹੀਂ ਦਿੱਤਾ ਗਿਆ? ਇਹ ਉਸ ਤਰ੍ਹਾਂ ਹੀ ਹੋਇਆ ਜਿਵੇਂ ਸਿੱਖ ਇਤਿਹਾਸ ਬਾਰੇ ਉਸ ਪੁਸਤਕ ਵਿੱਚ ਵੀ ਪ੍ਰਿੰਟਿੰਗ ਪ੍ਰੈਸ ਬਾਰੇ ਜਾਣਕਾਰੀ ਨਹੀਂ ਸੀ ਦਿੱਤੀ ਗਈ, ਜਿਸ ਪੁਸਤਕ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਬੜੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ| ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਇਹ ਕਿਤਾਬ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਜਾਰੀ ਕੀਤੀ ਗਈ ਸੀ ਪਰ ਬਾਅਦ ਵਿੱਚ ਰੌਲਾ ਪੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ| ਇਸ ਕਿਤਾਬ ਬਾਰੇ ਵੀ ਇੱਕ ਕੇਸ ਸ. ਬਲਦੇਵ ਸਿੰਘ ਸਿਰਸਾ ਨੇ ਹਾਈਕੋਰਟ ਵਿੱਚ ਪਾਇਆ ਹੋਇਆ ਹੈ ਪਰ ਉਸ ਬਾਰੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ| ਉਨ੍ਹਾਂ ਦਿਨਾਂ ਵਿੱਚ ਇਹ ਆਮ ਅਫਵਾਹ ਸੀ ਕਿ ਇਹ ਕਿਤਾਬ ਵੀ ਨਾਗਪੁਰ ਤੋਂ ਜਾਰੀ ਕੀਤੀ ਗਈ ਹੈ ਜਿਥੇ ਆਰ ਐਸ ਐਸ ਦਾ ਹੈਡਕੁਆਟਰ ਹੈ|
ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਭਾਵੇਂ ਅਕਾਲ ਤਖਤ ਨੇ ਕ੍ਰਿਸ਼ਨ ਕੁਮਾਰ ਨੂੰ ਮੁਆਫ ਕਰ ਦਿੱਤਾ ਸੀ ਪਰ ਕ੍ਰਿਸ਼ਨ ਕੁਮਾਰ ਤੇ ਸੰਪਾਦਕੀ ਮੰਡਲ ਵਿਰੁੱਧ ਕਾਰਵਾਈ ਕਿਉਂ ਨਾ ਕੀਤੀ ਗਈ? ਕੀ ਕਾਰਣ ਸੀ ਕਿ ਉਸੇ ਕ੍ਰਿਸ਼ਨ ਕੁਮਾਰ ਨੂੰ ਉਸ ਅਸਾਮੀ 'ਤੇ ਰਹਿਣ ਦਿੱਤਾ ਗਿਆ ਤੇ ਬਦਲਿਆ ਨਾ ਗਿਆ? ਕੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸੇ ਕ੍ਰਿਸ਼ਨ ਕੁਮਾਰ ਦੀ ਚੋਣ ਕੀਤੀ ਅਤੇ ਉਸੇ ਵਿਅਕਤੀ ਦੀ ਅਗਵਾਈ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਦਾ ਸਿਲੇਬਸ ਬਦਲਿਆ ਗਿਆ? ਇਸ ਪਿੱਛੇ ਵੱਡੀ ਸਾਜ਼ਿਸ਼ ਕੰਮ ਕਰਦੀ ਹੋ ਸਕਦੀ ਹੈ ਅਤੇ ਇਸ ਦਾ ਹਵਾਲਾ ਅੱਜ ਇੱਕ ਉੱਘੇ ਅਖਬਾਰ ਨੇ ਵੀ ਦਿੱਤਾ| ਅੱਜ ਜਦੋਂ ਸਿੱਖ ਵਿਦਵਾਨਾਂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਸਿਲੇਬਸ ਬਦਲਣ ਪਿੱਛੇ ਆਰ ਐਸ ਐਸ ਦਾ ਏਜੰਡਾ ਕੰਮ ਕਰ ਰਿਹਾ ਹੈ ਤਾਂ ਇਹ ਬਿਆਨ ਸੁੱਟ ਪਾਉਣ ਵਾਲਾ ਨਹੀਂ ਕਿਉਂਕਿ ਸਾਜ਼ਿਸ਼ ਬਾਰੇ ਸ਼ੰਕੇ ਤਾਂ ਹੁਣ ਉਠ ਖੜ੍ਹੇ ਹੋਏ ਹਨ| ਸਿੱਖ ਵਿਦਵਾਨਾਂ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਇਸ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਇੱਕ ਪਾਸੇ ਉੱਘੇ ਵਿਦਵਾਨ ਡਾ. ਗੁਰਦਰਸ਼ਨ ਸਿੰਘ ਢਿੱਲੋਂ ਤੇ ਸ. ਗੁਰਤੇਜ ਸਿੰਘ ਆਈ ਏ ਐਸ ਹਨ ਉਥੇ ਦੂਜੇ ਪਾਸੇ ਸਿੱਖ ਇਤਿਹਾਸ ਵਿੱਚ ਇੱਕ ਵੱਡਾ ਰੋਲ ਅਦਾ ਕਰਨ ਵਾਲੀ ਸਿੰਘ ਸਭਾ ਲਹਿਰ ਦੇ ਚੋਟੀ ਦੇ ਆਗੂ ਸ. ਗੁਰਪ੍ਰੀਤ ਸਿੰਘ ਵੀ ਸ਼ਾਮਿਲ ਸਨ| ਸ. ਗੁਰਪ੍ਰੀਤ ਸਿੰਘ ਇਸ ਸਮੇਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਨ ਅਤੇ ਸਿੱਖ ਵਿਚਾਰ ਮੰਚ ਦੇ ਵੀ ਆਗੂ ਹਨ| ਜੇ ਸਾਰੀ ਸਥਿਤੀ ਨੂੰ ਗੰਭੀਰਤਾ ਅਤੇ ਨਿਰਪੱਖਤਾ ਨਾਲ ਵੇਖਿਆ ਜਾਵੇ ਤਾਂ ਇਹ ਕਹਿਣਾ ਵਾਜਬ ਹੋਏਗਾ ਕਿ ਅਕਾਲੀ ਅਤੇ ਕਾਂਗਰਸੀ ਸਿਲੇਬਸ ਦੇ ਮੁੱਦੇ ਉਤੇ ਕਟਿਹਰੇ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ| ਮੌਜੂਦਾ ਵਿਵਾਦ ਦੇ ਪ੍ਰਸੰਗ ਵਿੱਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੀ ਸਿਆਸਤ ਨੂੰ ਜੋਖਣ ਪਰਖਣ ਵਾਲੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਪਾਰਟੀਆਂ ਲਗਭਗ ਹਰੇਕ ਮੁੱਦੇ ਉਤੇ ਸੱਤਾ ਵਿੱਚ ਹੋਣ ਅਤੇ ਸੱਤਾ ਵਿੱਚ ਨਾ ਹੋਣ ਮੌਕੇ ਇੱਕੋ ਤਰ੍ਹਾਂ ਦੇ ਸਟੈਂਡ ਬਦਲ ਬਦਲ ਕੇ ਲੈਂਦੀਆਂ ਹਨ| ਮਿਸਾਲ ਦੇ ਤੌਰ 'ਤੇ ਅੱਜ ਸਕੂਲ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰਨ ਦੇ ਮਾਮਲੇ ਉਤੇ ਜੇਕਰ ਅਕਾਲੀ ਦਲ ਸੱਤਾ ਵਿੱਚ ਹੁੰਦਾ ਤਾਂ ਇਸ ਦਾ ਸਟੈਂਡ ਵੀ ਮੌਜੂਦਾ ਸਰਕਾਰ ਤੋਂ ਬਹੁਤਾ ਵੱਖਰਾ ਨਾ ਹੁੰਦਾ| ਇਹ ਪੰਜਾਬ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਪਿਛਲੇ ਸੱਤ ਦਹਾਕਿਆਂ ਤੋਂ ਇਹ ਦੋਵੇਂ ਪਾਰਟੀਆਂ ਗੰਭੀਰ ਮੁੱਦਿਆਂ ਉਤੇ ਵੀ ਆਪਣੀ ਹੋਛੀ ਸਿਆਸਤ ਕਰਦੀਆਂ ਆ ਰਹੀਆਂ ਹਨ, ਜਿਸਦਾ ਖਾਮਿਆਜ਼ਾ ਇਥੋਂ ਦੇ ਲੋਕਾਂ ਨੂੰ ਵਾਰ ਵਾਰ ਭੁਗਤਣਾ ਪੈਂਦਾ ਹੈ|

Or