ਕੈਪਟਨ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਸੋਧਣ ਤੇ ਮੁੜ ਲਿਖਣ ਦੇ ਸੰਕੇਤ

ਅਸਿੱਧੇ ਰੂਪ ਵਿੱਚ ਸਰਕਾਰ ਨੇ ਮੰਨਿਆ ਕਿ ਇਤਿਹਾਸ ਨਾਲ ਛੇੜਛਾੜ ਹੋਈ
ਸਿਲੇਬਸ ਦਾ ਜਾਇਜ਼ਾ ਲੈਣ ਬਾਰੇ ਕਮੇਟੀ ਅਕਾਲੀ ਸਰਕਾਰ ਸਮੇਂ ਹੀ ਬਣੀ - ਕੈਪਟਨ
'ਕੀ ਸੁਖਬੀਰ ਬਾਦਲ ਨੇ ਸੱਚਮੁੱਚ ਹੀ ਸਿੱਖ ਇਤਿਹਾਸ ਪੜ੍ਹਿਆ ਹੈ?'

ਕਰਮਜੀਤ ਸਿੰਘ
99150-91063
ਚੰਡੀਗੜ੍ਹ, 5 ਮਈ : ਪੰਜਾਬ ਸਰਕਾਰ ਨੇ ਅੱਜ ਆਖਰਕਾਰ ਇਸ ਹਕੀਕਤ ਨੂੰ ਅਸਿੱਧੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ ਕਿ ਗਿਆਰਵੀਂ ਅਤੇ ਬਾਰ੍ਹਵੀਂ ਦੇ ਇਤਿਹਾਸ ਦੇ ਸਿਲੇਬਸ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਹਨ ਪਰ ਇਸ ਸਾਰੇ ਸਿਲਸਿਲੇ ਵਿੱਚ ਕੌਣ ਕੌਣ ਜ਼ਿੰਮੇਵਾਰ ਹਨ ਅਤੇ ਹੁਣ ਤਾਜ਼ਾ ਸਥਿਤੀ ਕੀ ਹੈ, ਇਸ ਬਾਰੇ ਜਾਂਚ ਦੀ ਲੋੜ ਹੈ|
ਅੱਜ ਇੱਥੇ ਇੱਕ ਨਿੱਜੀ ਚੈਨਲ 'ਇੰਡੀਆ ਨਿਊਜ਼ ਗਰੁੱਪ' ਦੇ ਮੁੱਖ ਸੰਪਾਦਕ ਦੀਪਕ ਚੌਰਸੀਆ ਅਤੇ ਕਾਰਤਿਕਯਾ ਸ਼ਰਮਾ ਨਾਲ ਇੱਕ ਸਮਾਗਮ ਵਿੱਚ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਬਕਾ ਅਕਾਲੀ ਭਾਜਪਾ ਸਰਕਾਰ ਵੱਲੋਂ ਸਿਲੇਬਸ ਵਿੱਚ ਤਬਦੀਲੀਆਂ ਲਈ ਅਤੇ ਉਸ ਦੇ ਅਧਾਰ ਉਤੇ ਛਪੀਆਂ ਕਿਤਾਬਾਂ ਲਈ ਕਾਇਮ ਕੀਤੀ ਕਮੇਟੀ ਦੇ ਸਮੁੱਚੇ ਕੰਮਕਾਜ ਦੀ ਪੁਣਛਾਣ ਕਰਨਗੇ ਅਤੇ ਇਤਿਹਾਸ ਦੀਆਂ ਕਿਤਾਬਾਂ ਨੂੰ ਮੁੜ ਸੋਧਿਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਦੁਬਾਰਾ ਵੀ ਲਿਖਿਆ ਜਾਵੇਗਾ| ਵੈਸੇ ਭਾਵੇਂ ਇਹ ਨੁਕਤਾ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਕਿ ਮੌਜੂਦਾ ਸਮੇਂ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਉਤੇ ਰੋਕ ਲੱਗੇਗੀ ਜਾਂ ਨਹੀਂ? ਅਤੇ ਜੇ ਮੁੜ ਦੁਬਾਰਾ ਲਿਖਣ ਦਾ ਕੋਈ ਪ੍ਰੋਗਰਾਮ ਹੈ ਤਾਂ ਉਸ ਦੀ ਸੀਮਾ ਕੀ ਹੋਵੇਗੀ? ਪਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਇਹ ਜਾਪਦਾ ਹੈ ਕਿ ਸਰਕਾਰ ਅੰਦਰਖਾਤੇ ਇਹ ਗੱਲ ਤਾਂ ਘੱਟੋ ਘੱਟ ਮੰਨ ਚੁੱਕੀ ਹੈ ਕਿ ਇਤਿਹਾਸ ਨਾਲ ਛੇੜਛਾੜ ਹੋਈ ਹੈ ਅਤੇ ਬਹੁਤ ਕੁਝ ਗਲਤ ਹੋਇਆ ਹੈ ਪਰ ਮੂੰਹ ਰਖਾਈ ਲਈ ਸਾਰੇ ਮਾਮਲੇ ਨੂੰ ਠੰਡਾ ਕਰਕੇ ਨਜਿੱਠਣ ਦੀ ਰਣਨੀਤੀ ਉਤੇ ਸਰਕਾਰ ਚੱਲ ਰਹੀ ਹੈ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਸਮਾਜਕ ਵਿਗਿਆਨ ਦੇ ਉੱਘੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਸਿੱਧੂ ਵੱਲੋਂ ਬਾਰ੍ਹਵੀਂ ਜਮਾਤ ਦੀ ਕਿਤਾਬ ਦਾ ਅਧਿਐਨ ਕਰਨ ਮਗਰੋਂ ਜਿਨ੍ਹਾਂ ਗੰਭੀਰ ਤਰੁੱਟੀਆਂ ਬਾਰੇ ਚੇਤੇ ਕਰਾਇਆ ਹੈ, ਉਹ ਅੱਜ ਰਾਜਨੀਤਿਕ ਬਰਾਂਡਿਆਂ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ ਕਿਉਂਕਿ ਉਨ੍ਹਾਂ ਕਰੀਬ 15 ਪੰਨਿਆਂ ਦੀ ਤੱਥ ਭਰਪੂਰ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਸੀ ਅਤੇ ਕੱਲ੍ਹ ਇਸ ਸਬੰਧੀ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਕੀਤੀ ਸੀ|
ਅੱਜ ਦੇ ਸਮਾਗਮ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਤਿਹਾਸ ਦੀਆਂ ਕਿਤਾਬਾਂ ਤੋਂ ਉਠੇ ਵਿਵਾਦ ਨਾਲ ਸਬੰਧਿਤ ਜੋ ਵੀ ਕਦਮ ਚੁੱਕਣ ਦੀ ਲੋੜ ਪਈ ਤਾਂ ਜ਼ਰੂਰ ਚੁੱਕੇ ਜਾਣਗੇ ਅਤੇ ਹੋਈ ਤਰੁੱਟੀਆਂ ਦਾ ਮੁੜ ਜਾਇਜ਼ਾ ਲਿਆ ਜਾਵੇਗਾ| ਉਨ੍ਹਾਂ ਕਿਹਾ ਕਿ ਜੇਕਰ ਇਤਿਹਾਸ ਦੀਆਂ ਕਿਤਾਬਾਂ ਦੇ ਸਿਲੇਬਸ ਬਾਰੇ ਨਵੀਂ ਕਮੇਟੀ ਵੀ ਬਣਾਉਣੀ ਪਈ ਤਾਂ ਸਰਕਾਰ ਇਸ ਕਦਮ ਤੋਂ ਪਿੱਛੇ ਨਹੀਂ ਹਟੇਗੀ| ਜਦੋਂ ਇਹ ਪੁੱਛਿਆ ਗਿਆ ਕਿ ਬਾਰ੍ਹਵੀਂ ਜਮਾਤ ਦੇ ਇਤਿਹਾਸ ਨੂੰ ਜਦੋਂ ਗਿਆਰਵੀਂ ਜਮਾਤ ਵਿੱਚ ਬਦਲਿਆ ਗਿਆ ਤਾਂ ਕੀ ਸਿੱਖ ਗੁਰੂਆਂ ਨਾਲ ਸਮੱਗਰੀ ਘਟਾ ਦਿੱਤੀ ਗਈ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਿੰਨੇ ਅਫਸੋਸ ਦੀ ਗੱਲ ਹੈ ਕਿ ਹੁਣ ਅਕਾਲੀ ਦਲ ਅਜਿਹੇ ਸਵਾਲ ਖੜ੍ਹੇ ਕਰ ਰਿਹਾ ਹੈ, ਪਰ ਸਿਲੇਬਸ ਬਾਰੇ ਜਿਹੜੀ ਕਮੇਟੀ ਬਣੀ ਸੀ ਉਹ ਤਾਂ ਇਨ੍ਹਾਂ ਦੇ ਰਾਜ ਦੌਰਾਨ ਹੀ ਗਠਿਤ ਕੀਤੀ ਗਈ ਸੀ|
ਉਨ੍ਹਾਂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਤਿੱਖਾ ਵਿਅੰਗ ਕਸਦਿਆਂ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਸੱਚਮੁੱਚ ਹੀ ਸਿੱਖ ਇਤਿਹਾਸ ਦਾ ਗੰਭੀਰ ਮੁਤਾਲਿਆ ਕੀਤਾ ਹੋਇਆ ਹੈ? ਉਨ੍ਹਾਂ ਨੇ ਗਿਆਰਵੀਂ ਜਮਾਤ ਦੀ ਕਿਤਾਬ ਬਾਰੇ ਅਖਬਾਰਾਂ ਵਿੱਚ ਦਿੱਤੀ ਗਲਤ ਜਾਣਕਾਰੀ ਦਾ ਵੀ ਸਖਤ ਨੋਟਿਸ ਲਿਆ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਗਿਆਰਵੀਂ ਜਮਾਤ ਦੀ ਕਿਤਾਬ ਅਜੇ ਰਿਲੀਜ਼ ਹੀ ਨਹੀਂ ਹੋਈ ਤਾਂ ਫਿਰ ਉਸ ਕਿਤਾਬ ਵਿਚਲੀ ਸਮੱਗਰੀ ਬਾਰੇ ਕੋਈ ਕੀ ਅੰਦਾਜ਼ਾ ਲਾ ਸਕਦਾ ਹੈ ਕਿ ਉਸ ਵਿੱਚ ਕੀ ਲਿਖਿਆ ਹੈ ਤੇ ਕੀ ਨਹੀਂ ਲਿਖਿਆ|
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪੰਜਾਬ ਦੇ ਅਮਨ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ| ਕਿਸਾਨਾਂ ਦੇ ਕਰਜ਼ ਮੁਆਫੀ ਦੇ ਸਵਾਲ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਰਜ਼ ਮੁਆਫੀ ਸਕੀਮ 'ਚ ਸਵਾ ਦਸ ਲੱਖ ਕਿਸਾਨਾਂ ਨੂੰ ਰਾਹਤ ਪਹੁੰਚਾਈ ਹੈ ਜੋ ਆਉਂਦੇ ਨਵੰਬਰ ਤੱਕ ਮੁਕੰਮਲ ਹੋ ਜਾਵੇਗੀ| ਉਨ੍ਹਾਂ ਨੇ ਪੰਜਾਬ 'ਚ ਨਸ਼ੇ ਦੀ ਰੋਕਥਾਮ ਵਾਸਤੇ ਸਰਕਾਰੀ ਦਾਅਵਿਆਂ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਵੇਚਣ ਦੇ ਕਾਰੋਬਾਰ ਵਿੱਚ ਲੱਗੇ 52000 ਤਸਕਰਾਂ ਨੂੰ ਪੁਲਿਸ ਹੁਣ ਤੱਕ ਗ੍ਰਿਫਤਾਰ ਕਰ ਚੁੱਕੀ ਹੈ| ਇਸ ਮੌਕੇ ਉਨ੍ਹਾਂ ਨੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਪੰਜਾਬ ਦੇ ਵਿਕਾਸ ਲਈ ਨਿੱਜੀ ਕੰਪਨੀਆਂ ਨਾਲ ਕੀਤੇ ਜਾ ਰਹੇ ਸਮਝੌਤਿਆਂ ਬਾਰੇ ਵੀ ਚਾਨਣਾ ਪਾਇਆ|
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਬਾਰੇ ਕਿਤਾਬਾਂ ਵਿੱਚੋਂ ਸਿੱਖ ਇਤਿਹਾਸ ਨਾਲ ਸਬੰਧਤ ਚੈਪਟਰ ਕੱਢ ਦੇਣ ਦਾ ਮਾਮਲਾ ਪਿਛਲੇ ਦਿਨਾਂ ਤੋਂ ਬਹੁਤ ਗਰਮਾਇਆ ਹੋਇਆ ਹੈ| ਅਮਰਿੰਦਰ ਸਰਕਾਰ ਜਿਥੇ ਅਕਾਲੀ ਦਲ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਇਤਿਹਾਸ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਵਿੱਚ ਬੁਰੀ ਤਰ੍ਹਾਂ ਘਿਰੀ ਨਜ਼ਰ ਆ ਰਹੀ ਹੈ ਉਥੇ ਨਾਲ ਹੀ ਪੰਥਕ ਧਿਰਾਂ ਅਤੇ ਸਿੱਖ ਵਿਦਵਾਨਾਂ ਦਾ ਵੱਡਾ ਹਿੱਸਾ ਲਗਾਤਾਰ ਇਸ ਬੱਜਰ ਗਲਤੀ ਲਈ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਾ ਆ ਰਿਹਾ ਹੈ| ਬੀਤੇ ਕੱਲ੍ਹ ਹੀ ਚੰਡੀਗੜ੍ਹ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਵਿਦਵਾਨਾਂ ਦੇ ਧੜਿਆਂ ਵੱਲੋਂ ਸਕੂਲੀ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਲੀਆਮੇਟ ਕਰ ਦੇਣ ਦੀਆਂ ਰਿਪੋਰਟਾਂ ਤੱਥਾਂ ਸਮੇਤ ਪੇਸ਼ ਕਰਨ ਤੋਂ ਪੰਜਾਬ ਸਰਕਾਰ ਦੀ ਸਥਿਤੀ ਕਾਫੀ ਕਮਜ਼ੋਰ ਹੋਈ ਹੈ| ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਕੂਲੀ ਸਿਲੇਬਸ ਨੂੰ ਸੋਧਣ ਜਾਂ ਲੋੜ ਪੈਣ 'ਤੇ ਮੁੜ ਲਿਖਣ ਦੇ ਅੱਜ ਦੇ ਸੱਜਰੇ ਬਿਆਨ ਨੂੰ ਇਸੇ ਪ੍ਰਸੰਗ ਵਿੱਚ ਦੇਖਿਆ ਜਾ ਰਿਹਾ ਹੈ| ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਇੱਕ ਦਮ ਬੈਕਫੁੱਟ ਉਤੇ ਜਾਣ ਦੀ ਨਮੋਸ਼ੀ ਤੋਂ ਬਚਣ ਲਈ ਫਿਲਹਾਲ ਸਾਰੇ ਵਿਵਾਦ ਨੂੰ ਠੰਡਾ ਕਰਕੇ ਨਜਿੱਠਣਾ ਚਾਹੁੰਦੀ ਹੈ| ਉਂਜ ਸਿਲੇਬਸ ਨਾਲ ਕੀਤੀ ਗਈ ਛੇੜਛਾੜ ਦਾ ਕੱਚ ਸੱਚ ਸਭ ਦੇ ਸਾਹਮਣੇ ਆਉਣ ਕਰਕੇ ਸਰਕਾਰ ਕੋਲ ਇਸ ਸਬੰਧੀ ਢੁੱਕਵੇਂ ਕਦਮ ਚੁੱਕਣ ਤੋਂ ਬਿਨਾਂ ਹੋਰ ਕੋਈ ਚਾਰਾ ਬਚਿਆ ਵੀ ਨਹੀਂ ਹੈ|

Or