ਇਤਿਹਾਸ ਦੇ ਸਿਲੇਬਸ ਦੀ ਨਜ਼ਰਸਾਨੀ ਲਈ ਕਮੇਟੀ ਕਾਇਮ

ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਕਮੇਟੀ ਦੀ ਪ੍ਰਧਾਨਗੀ ਕਰਨਗੇ
ਇਤਿਹਾਸਕ ਕਿਤਾਬਾਂ ਦੇ ਸਿਆਸੀਕਰਨ ਨੂੰ ਰੋਕਣ ਲਈ ਭਵਿੱਖ ਵਿੱਚ ਪੱਕੀ ਕਮੇਟੀ ਵੀ ਕਾਇਮ ਹੋਏਗੀ
ਵਿਰੋਧੀ ਧਿਰ ਨੇ ਸਿਆਸੀ ਰੋਟੀਆਂ ਹੀ ਸੇਕੀਆਂ - ਕੈਪਟਨ
ਲੋੜ ਪਈ ਤਾਂ ਨਵੇਂ ਸਿਰਿਓਂ ਕਿਤਾਬਾਂ ਛਾਪਣ ਦੇ ਸੰਕੇਤ
ਕਮੇਟੀ ਵਿੱਚ ਦੋ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਕਰਕੇ ਗੇਂਦ ਬਾਦਲਾਂ ਦੇ ਪਾਲੇ ਵਿੱਚ ਸੁੱਟੀ

ਕਰਮਜੀਤ ਸਿੰਘ
99150-91063

ਚੰਡੀਗੜ੍ਹ, 7 ਮਈ : ਪੰਜਾਬ ਸਰਕਾਰ ਨੇ ਆਖਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਗਿਆਰਵੀਂ ਅਤੇ ਬਾਰ੍ਹਵੀਂ ਦੇ ਸਿਲੇਬਸ ਵਿੱਚ ਹੋਈਆਂ ਤਬਦੀਲੀਆਂ ਅਤੇ ਇਨ੍ਹਾਂ ਤਬਦੀਲੀਆਂ ਨਾਲ ਹੋਈਆਂ ਬੱਜਰ ਗਲਤੀਆਂ ਨੂੰ ਸਵੀਕਾਰ ਕਰਦੇ ਹੋਏ ਅੱਜ ਇਹ ਅਹਿਮ ਐਲਾਨ ਕੀਤਾ ਕਿ ਇਤਿਹਾਸ ਦੇ ਸਿਲੇਬਸ ਦੀ ਨਜ਼ਰਸਾਨੀ ਲਈ ਇੱਕ ਛੇ ਮੈਂਬਰੀ ਨਿਗਰਾਨ ਕਮੇਟੀ ਬਣਾਈ ਗਈ ਹੈ ਜੋ 2014 ਵਿੱਚ ਕਾਇਮ ਕੀਤੀ ਕਮੇਟੀ ਵੱਲੋਂ ਇਤਿਹਾਸ ਦੇ ਸਿਲੇਬਸ ਦੀ ਸਮੀਖਿਆ ਕਰਨ ਬਾਰੇ ਕੀਤੀਆਂ ਸਿਫਾਰਸ਼ਾਂ ਦੀ ਘੋਖ ਵੀ ਕਰੇਗੀ ਅਤੇ ਇਸ ਤੋਂ ਇਲਾਵਾ ਭਵਿੱਖ ਵਿੱਚ ਇਤਿਹਾਸ ਦੀਆਂ ਸਾਰੀਆਂ ਕਿਤਾਬਾਂ ਦੀ ਵੀ ਨਜ਼ਰਸਾਨੀ ਕਰੇਗੀ|
ਅੱਜ ਇਥੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਉਨ੍ਹਾਂ ਨੇ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਤਿਹਾਸਕ ਕਿਤਾਬਾਂ ਦੇ 'ਸਿਆਸੀਕਰਨ' ਨੂੰ ਰੋਕਣ ਲਈ ਇੱਕ ਸਥਾਈ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ ਜੋ ਸਿਲੇਬਸ ਨੂੰ ਤਿਆਰ ਕਰਨ ਅਤੇ ਇਸ ਵਿਸ਼ੇ 'ਤੇ ਗਲਤੀਆਂ ਰਹਿਤ ਕਿਤਾਬਾਂ ਯਕੀਨੀ ਬਣਾਉਣ ਵਿੱਚ ਕੰਮ ਕਰੇਗੀ|
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਕਮੇਟੀ ਵਿੱਚ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਪ੍ਰਧਾਨ ਹੋਣਗੇ ਜਦਕਿ ਉਨ੍ਹਾਂ ਦੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਇਤਿਹਾਸਕਾਰ ਡਾ. ਜੇ.ਐਸ. ਗਰੇਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਥੀਪਾਲ ਸਿੰਘ ਕਪੂਰ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਐਮੀਰਾਈਟਸ ਡਾ. ਇੰਦੂ ਬੰਗਾ ਇਸ ਦੇ ਮੈਂਬਰ ਹੋਣਗੇ| ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ ਦੋ ਉਘੇ ਇਤਿਹਾਸਕਾਰ ਵੀ ਸ਼ਾਮਿਲ ਹੋਣਗੇ| ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ 95 ਵਰ੍ਹਿਆਂ ਨੂੰ ਪੁੱਜੇ ਡਾ. ਕਿਰਪਾਲ ਸਿੰਘ ਉੱਘੇ ਇਤਿਹਾਸਕਾਰ ਹਨ ਅਤੇ ਦੇਸ਼ ਦੀ ਵੰਡ ਬਾਰੇ ਉਨ੍ਹਾਂ ਦੀ ਪੁਸਤਕ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ| ਉਹ ਇਸ ਸਮੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪਾਦਨਾ ਦੇ ਪ੍ਰੋਜੈਕਟ 'ਤੇ ਚੰਡੀਗੜ੍ਹ ਵਿੱਚ ਕੰਮ ਕਰ ਰਹੇ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸੌਂਪਿਆ ਗਿਆ ਹੈ| ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਜੋ ਵਿਵਾਦ ਛਿੜਿਆ ਹੋਇਆ ਹੈ ਉਹ ਸਿਆਸੀ ਤੌਰ 'ਤੇ ਪ੍ਰੇਰਿਤ ਹੈ ਜਦਕਿ ਹਕੀਕਤ ਇਹ ਹੈ ਕਿ ਸਾਲ 2014 ਵਿੱਚ ਅਕਾਲੀ ਭਾਜਪਾ ਸਰਕਾਰ ਦੌਰਾਨ ਐਨ ਸੀ ਆਈ ਆਰ ਟੀ ਦੇ ਸਿਲੇਬਸ ਤੇ ਕਿਤਾਬਾਂ ਪ੍ਰਕਾਸ਼ਤ ਕਰਨ ਸਬੰਧੀ ਨਜ਼ਰਸਾਨੀ ਕਰਨ ਦੀ ਫੈਸਲਾ ਕੀਤਾ ਗਿਆ ਸੀ| ਅਸਲ ਵਿੱਚ ਇਸ ਤੋਂ ਪਹਿਲਾਂ ਇਤਿਹਾਸ ਦੀ ਕੋਈ ਕਿਤਾਬ ਹੀ ਨਹੀਂ ਸੀ ਜਿਸਦਾ ਜ਼ਿਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ| ਜਿਸ ਕਿਤਾਬ ਦਾ ਉਹ ਜ਼ਿਕਰ ਕਰਦੇ ਹਨ ਉਹ ਮਹਿਜ਼ ਗਾਈਡ ਹੈ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਪਹਿਲੀ ਵਾਰ ਛਾਪੀਆਂ ਹਨ ਅਤੇ ਪ੍ਰਾਈਵੇਟ ਪ੍ਰਕਾਸ਼ਕ ਹੀ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਧਾਰ 'ਤੇ ਕਿਤਾਬਾਂ ਛਾਪਿਆ ਕਰਦੇ ਸਨ ਜਿਨ੍ਹਾਂ ਨੂੰ ਆਮ ਕਰਕੇ ਗਾਈਡ ਹੀ ਕਿਹਾ ਜਾਂਦਾ ਹੈ| ਅਮਰਿੰਦਰ ਸਿੰਘ ਨੂੰ ਇਤਰਾਜ਼ ਇਸ ਗੱਲ ਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਗਾਈਡਾਂ ਨੂੰ ਇਤਿਹਾਸ ਦੀਆਂ ਕਿਤਾਬਾਂ ਕਹਿ ਰਹੇ ਹਨ|
ਸੂਤਰਾਂ ਅਨੁਸਾਰ ਜਿਸ ਤਰ੍ਹਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਉਸ ਤੋਂ ਇਹ ਗੱਲ ਸਾਫ ਤੇ ਸਪੱਸ਼ਟ ਹੋ ਗਈ ਹੈ ਕਿ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਿਤਾਬਾਂ ਅਜੇ ਬਾਜ਼ਾਰ ਵਿੱਚ ਨਹੀਂ ਆ ਸਕਣਗੀਆਂ ਅਤੇ ਜੇ ਲੋੜ ਪਈ ਤਾਂ ਇਨ੍ਹਾਂ ਕਿਤਾਬਾਂ ਨੂੰ ਬਦਲਿਆ ਵੀ ਜਾ ਸਕਦਾ ਹੈ| ਇਸ ਸਮੇਂ ਕਰੀਬ ਬਾਰ੍ਹਵੀਂ ਜਮਾਤ ਦੀਆਂ 18 ਤੋਂ 20 ਹਜ਼ਾਰ ਕਿਤਾਬਾਂ ਬੋਰਡ ਦੇ ਵੱਖ ਵੱਖ ਡਿੱਪੂਆਂ ਵਿੱਚ ਪਈਆਂ ਹਨ ਜਦਕਿ ਗਿਆਰਵੀਂ ਜਮਾਤ ਦੀ ਕਿਤਾਬ ਅਜੇ ਛਪੀ ਹੀ ਨਹੀਂ|
ਮੁੱਖ ਮੰਤਰੀ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਸਿਲੇਬਸ ਹਟਾਇਆ ਨਹੀਂ ਗਿਆ ਅਤੇ ਸਿੱਖ ਗੁਰੂ ਸਾਹਿਬਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਿਲੇਬਸ ਨੂੰ ਕ੍ਰਮਵਾਰ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ| ਪਰ ਸਿੱਖ ਵਿਦਵਾਨ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਿਲੇਬਸ ਵਿੱਚ ਵੱਡੀਆਂ ਤਬਦੀਲੀਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਸਿਲੇਬਸ ਨੂੰ ਘਟਾ ਵੀ ਦਿੱਤਾ ਗਿਆ ਹੈ| ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 15 ਸਫਿਆਂ ਉਤੇ ਅਧਾਰਿਤ ਮੁੱਖ ਮੰਤਰੀ ਨੂੰ ਪੇਸ਼ ਉਸ ਯਾਦਪੱਤਰ 'ਤੇ ਕੀ ਕਾਰਵਾਈ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਬੰਧਤ ਮੰਤਰੀ ਨੂੰ ਮਿਲ ਸਕਦੇ ਹਨ ਪਰ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਆਪਣੀ ਗੱਲ ਨਵੀਂ ਬਣੀ ਕਮੇਟੀ ਅੱਗੇ ਵੀ ਰੱਖ ਸਕਦੇ ਹਨ|
ਨਵੀਂ ਕਮੇਟੀ ਸਾਲ 2014 ਵਿੱਚ ਗਠਿਤ ਕੀਤੇ ਮਾਹਰਾਂ ਦੇ ਗਰੁੱਪ ਦੀਆਂ ਸਿਫਾਰਸ਼ਾਂ 'ਤੇ ਵਿਚਾਰ ਕਰਕੇ ਰਿਪੋਰਟ ਪੇਸ਼ ਕਰੇਗੀ ਅਤੇ ਅਤੇ ਗਰੁੱਪ ਦੀਆਂ ਸਿਫਾਰਸ਼ਾਂ ਤੋਂ ਬਾਅਦ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਨਵੇਂ ਸਿਲੇਬਸ ਵਿੱਚ ਕੀਤੀਆਂ ਤਬਦੀਲੀਆਂ ਵੀ ਘੋਖੇਗੀ ਅਤੇ ਜੇਕਰ ਕੋਈ ਦਰੁਸਤੀ ਕਰਨੀ ਹੋਈ ਤਾਂ ਉਸ ਬਾਰੇ ਆਪਣਾ ਸੁਝਾਅ ਦੇਵੇਗੀ| ਕਮੇਟੀ ਨੂੰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਲਈ ਪਾਠ ਪੁਸਤਕਾਂ ਦੇ ਵਿਸ਼ਾ-ਵਸਤੂ ਨੂੰ ਘੋਖਣ ਅਤੇ ਜੇਕਰ ਤੱਥਾਂ 'ਚ ਹੋਰ ਗਲਤੀਆਂ ਹੋਈਆਂ ਤਾਂ ਉਨ੍ਹਾਂ ਨੂੰ ਸੋਧਣ ਬਾਰੇ ਸੁਝਾਅ ਦੇਣ ਦੇ ਨਾਲ-ਨਾਲ ਐਨ.ਸੀ.ਈ.ਆਰ.ਟੀ. ਵੱਲੋਂ ਨਿਰਧਾਰਤ ਇਤਿਹਾਸ ਦੇ ਸਿਲੇਬਸ ਦੇ ਮੁਤਾਬਕ ਕਰਨ ਲਈ ਆਖਿਆ ਗਿਆ ਹੈ| ਇਨ੍ਹਾਂ ਤੋਂ ਇਲਾਵਾ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਾਰੀਆਂ ਜਮਾਤਾਂ ਲਈ ਇਤਿਹਾਸ ਦੀਆਂ ਪਾਠ ਪੁਸਤਕਾਂ ਦੇ ਸਿਲੇਬਸ ਤੇ ਵਿਸ਼ਾ-ਵਸਤੂ ਦੀ ਨਜ਼ਰਸਾਨੀ ਕਰਨ ਅਤੇ ਤੱਥਾਂ 'ਚ ਉਕਾਈ ਨਾ ਰਹਿਣ ਨੂੰ ਯਕੀਨੀ ਬਣਾਉਣ ਦੀ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਗਈ ਹੈ|
ਅਮਰਿੰਦਰ ਸਿੰਘ ਵੱਲੋਂ ਅੱਜ ਥਾਪੀ ਗਈ ਨਿਗਰਾਨ ਕਮੇਟੀ ਵਿੱਚ ਦੋ ਇਤਿਹਾਸਕਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕਰਵਾਉਣ ਦੇ ਪੈਂਤੜੇ ਨੂੰ ਜੇਕਰ ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਇੱਕ ਤਰ੍ਹਾਂ ਨਾਲ ਗੇਂਦ ਬਾਦਲਾਂ ਦੇ ਪਾਲੇ ਵਿੱਚ ਸੁੱਟ ਕੇ ਅਕਾਲੀ ਦਲ ਨੂੰ ਉਨ੍ਹਾਂ ਦੇ ਹੀ ਹਥਿਆਰ ਨਾਲ ਮਾਤ ਦੇਣ ਦੀ ਚਾਲ ਚੱਲੀ ਗਈ ਹੈ| ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਗਾਮੀ ਇਜਲਾਸ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਲਈ ਸਿੱਖਾਂ ਵਿੱਚ ਆਪਣੇ ਖੁਰੇ ਅਧਾਰ ਨੂੰ ਮੁੜ ਪ੍ਰਾਪਤ ਕਰਨ ਵਾਸਤੇ ਜ਼ਮੀਨ ਤਿਆਰ ਕਰਕੇ ਦੇਣ ਦੀਆਂ ਗੋਂਦਾਂ ਗੁੰਦੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਸਨ| ਇਸ ਸੰਦਰਭ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਦਾ ਐਲਾਨ ਇੱਕ ਤਰ੍ਹਾਂ ਦਾ ਇਸ ਸਾਰੇ ਵਿਵਾਦ ਨੂੰ ਠੱਲ੍ਹਣ ਲਈ ਅਤੇ ਅਕਾਲੀ ਦਲ ਦੁਆਰਾ ਇਸ ਉਤੇ ਕੀਤੀ ਜਾ ਰਹੀ ਰਾਜਨੀਤੀ ਦਾ ਭੋਗ ਪਾਉਣ ਲਈ ਇੱਕ ਵੱਡਾ ਕਦਮ ਸਮਝਿਆ ਜਾ ਰਿਹਾ ਹੈ|

Or